ਚੰਡੀਗੜ੍ਹ : ਚੰਡੀਗੜ੍ਹ ਵਿੱਚ ਆਮ ਆਮਦੀ ਪਾਰਟੀ ਦੇ ਸੀਨੀਅਰ ਬੁਲਾਰੇ ਬਲਤੇਜ ਪੰਨੂ ਅਤੇ ਵਿਧਾਇਕ ਨਰਿੰਦਰ ਕੌਰ ਭਾਰਜ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਭਾਜਪਾ ‘ਤੇ ‘ਓਪਰੇਸ਼ਨ ਲੋਟਸ’ ਤਹਿਤ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲਗਾਏ।

ਬਲਤੇਜ ਪੰਨੂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲਾਲਚ ਅਤੇ ਡਰ ਦਿਖਾ ਕੇ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਪਾਰਟੀ ਦੇ ਕਿਸੇ ਵੀ ਐਮਐਲਏ ਨੇ ਨਾ ਤਾਂ ਕਿਸੇ ਲਾਲਚ ਅੱਗੇ ਸਿਰ ਝੁਕਾਇਆ ਅਤੇ ਨਾ ਹੀ ਦਬਾਅ ਹੇਠ ਟੁੱਟੇ।

ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦਾਅਵਾ ਕੀਤਾ ਕਿ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਕ ਬੰਦ ਕਮਰੇ ਦੀ ਮੀਟਿੰਗ ਵਿੱਚ ਭਾਜਪਾ ਦੀ ਅਗਲੀ ਰਣਨੀਤੀ ‘ਤੇ ਚਰਚਾ ਕਰਨ ਦੀ ਗੱਲ ਕੀਤੀ ਗਈ ਅਤੇ ਉਨ੍ਹਾਂ ਨੂੰ ਸੰਗਰੂਰ ਤੋਂ ਭਾਜਪਾ ਦਾ ਉਮੀਦਵਾਰ ਬਣਾਉਣ ਦੀ ਪੇਸ਼ਕਸ਼ ਕੀਤੀ ਗਈ। ਇਸ ਦੇ ਨਾਲ ਹੀ ਕਿਹਾ ਗਿਆ ਕਿ ਜੇ ਹੋਰ ਕੋਈ ਮੰਗ ਹੋਵੇ ਤਾਂ ਉਹ ਵੀ ਪੂਰੀ ਕੀਤੀ ਜਾਵੇਗੀ।

ਭਰਾਜ ਨੇ ਕਿਹਾ ਕਿ ਇਹ ਸੰਪਰਕ ਇਕ ਬਿਚੋਲਿਏ ਰਾਹੀਂ ਕੀਤਾ ਗਿਆ ਜੋ ਸੰਗਰੂਰ ਨਾਲ ਸੰਬੰਧਿਤ ਹੈ। ਉਨ੍ਹਾਂ ਸੈਣੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੀ ਚਿੰਤਾ ਛੱਡ ਕੇ ਆਪਣੇ ਸੂਬੇ ਹਰਿਆਣਾ ‘ਤੇ ਧਿਆਨ ਦੇਣ। ਉਨ੍ਹਾਂ ਨੇ ਕਿਹਾ “ਅਸੀਂ ਸਿਸਟਮ ਬਦਲਣ ਲਈ ਰਾਜਨੀਤੀ ਵਿੱਚ ਆਏ ਹਾਂ ਅਤੇ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕੰਮ ਕਰ ਰਹੇ ਹਾਂ” ।