ਟੋਰਾਂਟੋ : ਕੈਨੇਡਾ ਦੇ ਉਨਟਾਰੀਓ ਅਤੇ ਬੀ.ਸੀ. ਰਾਜਾਂ ਵਿਚ ਤਿੰਨ ਬੱਚਿਆਂ ਨਾਲ ਹੌਲਨਾਕ ਘਟਨਾਵਾਂ ਵਾਪਰਨ ਦੀ ਰਿਪੋਰਟ ਹੈ ਜਦਕਿ ਚੌਥਾ ਵਾਲ-ਵਾਲ ਬਚ ਗਿਆ। ਸਕਾਰਬ੍ਰੋਅ ਦੇ ਇਕ ਅਪਾਰਟਮੈਂਟ ਵਿਚ ਦੋ ਬੱਚੇ ਬੇਹੱਦ ਨਾਜ਼ੁਕ ਹਾਲਤ ਵਿਚ ਮਿਲੇ ਅਤੇ ਇਕ ਔਰਤ ਨੂੰ ਬਾਲਕਨੀ ਤੋਂ ਹੇਠਾਂ ਡਿੱਗਣ ਕਾਰਨ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਦੂਜੇ ਪਾਸੇ ਬੀ.ਸੀ. ਦੇ ਵਿਲੀਅਮਜ਼ ਲੇਕ ਇਲਾਕੇ ਵਿਚ ਇਕ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਜਿਸ ਨੂੰ ਮ੍ਰਿਤਕ ਕਰਾਰ ਦੇ ਦਿਤਾ ਗਿਆ। ਇਸ ਮਾਮਲੇ ਵਿਚ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਰਿਹਾਅ ਕਰ ਦਿਤਾ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਐਤਵਾਰ ਸ਼ਾਮ ਤਕਰੀਬਨ ਸਾਢੇ ਸੱਤ ਵਜੇ ਇਕ ਔਰਤ ਦੇ ਬਹੁਮੰਜ਼ਿਲਾ ਇਮਾਰਤ ਤੋਂ ਡਿੱਗਣ ਦੀ ਇਤਲਾਹ ਮਿਲੀ। ਕੈਨੇਡੀ ਰੋਡ ਅਤੇ ਐਲਸਮੇਅਰ ਰੋਡ ਦੇ ਇੰਟਰਸੈਕਸ਼ਨ ਨੇੜੇ ਸਥਿਤ ਇਮਾਰਤ ਵਿਚ ਪੁਲਿਸ ਅਫਸਰ ਪੁੱਜੇ ਤਾਂ ਬਾਹਰਲੇ ਪਾਸੇ 30 ਸਾਲ ਦੀ ਔਰਤ ਨਾਜ਼ੁਕ ਹਾਲਤ ਵਿਚ ਮਿਲੀ ਜਦਕਿ ਅਪਾਰਟਮੈਂਟ ਦੇ ਅੰਦਰ ਦੋ ਬੱਚੇ ਬੇਸੁਧ ਹਾਲਤ ਵਿਚ ਮਿਲੇ। ਦੋਹਾਂ ਦੇ ਸਰੀਰ ’ਤੇ ਜ਼ਖਮ ਦਾ ਕੋਈ ਨਿਸ਼ਾਨ ਨਹੀਂ ਸੀ ਅਤੇ ਦੋਹਾਂ ਨੂੰ ਮਾਂ ਸਣੇ ਹਸਪਤਾਲ ਪਹੁੰਚਾਇਆ ਗਿਆ। ਇੰਸਪੈਕਟਰ ਜੈਫ ਬੰਗਿਲਡ ਨੇ ਕਿਹਾ ਕਿ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਡੀਕਲ ਸਟਾਫ ਵੱਲੋਂ ਤਿੰਨੋ ਜਣਿਆਂ ਦੀ ਜਾਨ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ।