ਇੱਕ ਵਿਅਕਤੀ ਦੀ ਮੌਤ, ਤਿੰਨ ਹੋਏ ਜ਼ਖਮੀ
ਬਰੈਂਪਟਨ : ਬਰੈਂਪਟਨ ਵਿੱਚ ਇੱਕ ਘਰ ਨੂੰ ਭਿਆਨਕ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਜਣੇ ਜ਼ਖਮੀ ਹੋ ਗਏ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਪੀਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਪੀਲ ਪੁਲਿਸ ਨੇ ਦੱਸਿਆ ਕਿ ਸ਼ਨਿੱਚਰਵਾਰ ਸਵੇਰੇ ਉਨ੍ਹਾਂ ਨੂੰ 9 ਵਜ ਕੇ 40 ਮਿੰਟ ’ਤੇ ਫਰਨ ਫੌਰੈਸਟ ਡਰਾਈਵ ਅਤੇ ਹੌਲੀਬਸ਼ ਸਟਰੀਟ ਖੇਤਰ ਵਿੱਚ ਇੱਕ ਘਰ ਨੂੰ ਅੱਗ ਲੱਗਣ ਸਬੰਧੀ ਸੂਚਨਾ ਮਿਲੀ ਸੀ, ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਘਰ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।
ਫਾਇਰ ਬ੍ਰਿਗੇਡ ਦੀਆਂ ਦੇ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਨਾਲ ਇਸ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਘਰ ਵਿੱਚ ਫਸੇ ਚਾਰ ਲੋਕਾਂ ਲੋਕਾਂ ਨੂੰ ਜਦੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਅੱਗ ਵਿੱਚ ਝੁਲਸ ਕਾਰਨ ਮੌਤ ਹੋ ਚੁੱਕੀ ਸੀ, ਜਦਕਿ ਇੱਕ ਵਿਅਕਤੀ ਤੇ ਦੋ ਨੌਜਵਾਨ ਜ਼ਖਮੀ ਹਾਲਤ ਵਿੱਚ ਮਿਲੇ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪੁਲਿਸ ਵੱਲੋਂ ਮ੍ਰਿਤਕ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਉਨਟਾਰੀਓ ਫਾਇਰ ਮਾਰਸ਼ਲ ਵੱਲੋਂ ਅੱਗ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।