ਆਏ ਦਿਨ ਪੰਜਾਬੀਆਂ ਦੇ ਵਿਦੇਸ਼ ਵਿਚ ਕਤਲ ਹੋਣ ਦੀ ਖ਼ਬਰ ਮਿਲਦੀ ਰਹਿੰਦੀ ਹੈ, ਉਸੇ ਤਰ੍ਹਾਂ ਹੀ ਅੱਜ ਫਿਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਕਿ ਫਿਲੀਪੀਨਜ਼ ਵਿਚ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਅੱਜ ਸਵੇਰੇ ਕਰੀਬ 9 ਵਜੇ ਆੜ੍ਹਤੀਆ ਐਸੋਸੀਏਸ਼ਨ ਤੇ ਰੋਟਰੀ ਕਲੱਬ ਲੋਹੀਆਂ ਦੇ ਪ੍ਰਧਾਨ ਜੋਗਾ ਸਿੰਘ ਡੋਲ ਦੇ ਭਤੀਜੇ ਦਾ ਫਿਲੀਪੀਨਜ਼ ਦੇ ਸ਼ਹਿਰ ਸਨਬਲੋ ਨੇੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਰਣਜੀਤ ਰਾਣਾ ਪੁੱਤਰ ਰੇਸ਼ਮ ਸਿੰਘ (33) ਜਦੋਂ ਅੱਜ ਸਵੇਰੇ ਕੰਮ ਕਰਨ ਲਈ ਆਪਣੇ ਸ਼ਹਿਰ ਸਨਬਲੋ ਤੋਂ ਨੇੜਲੇ ਕਸਬਾ ਚਾਓ ’ਚ ਸਟੋਰ ‘ਤੇ ਪੁੱਜਾ ਤਾਂ ਉਸ ‘ਤੇ ਅਚਾਨਕ ਪਿੱਛੋਂ ਆਏ 2 ਵਿਅਕਤੀਆਂ ਨੇ ਗੋਲ਼ੀਆਂ ਚਲਾ ਦਿੱਤੀਆਂ, ਜੋ ਨੌਜਵਾਨ ਦੀ ਪਿੱਠ ’ਚ ਜਾ ਲੱਗੀਆਂ ਤੇ ਛਾਤੀ ’ਚੋਂ ਆਰ-ਪਾਰ ਹੋ ਗਈਆਂ, ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਪੂਰਾ ਪਰਿਵਾਰ ਫਿਲੀਪੀਨਜ਼ ਦੇ ਸ਼ਹਿਰ ਸਨਬਲੋ ’ਚ ਲੰਮੇ ਸਮੇਂ ਤੋਂ ਰਹਿ ਰਿਹਾ ਹੈ ਤੇ ਮ੍ਰਿਤਕ ਨੌਜਵਾਨ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਲੋਹੀਆਂ ਛੁੱਟੀਆਂ ਮਨਾਉਣ ਆਇਆ ਸੀ ਤੇ ਦੀਵਾਲੀ ਤੋਂ 2 ਦਿਨ ਪਹਿਲਾਂ ਹੀ ਲੋਹੀਆਂ ਤੋਂ ਮਨੀਲਾ ਲਈ ਰਵਾਨਾ ਹੋਇਆ ਸੀ। 2 ਮਹੀਨੇ ਬਾਅਦ ਫਰਵਰੀ 2024 ’ਚ ਉਸ ਦਾ ਵਿਆਹ ਹੋਣਾ ਸੀ। ਉਸ ਦੀ ਮੰਗਣੀ ਕਰਤਾਰਪੁਰ ਨੇੜੇ ਪਿੰਡ ਵਿਸ਼ਵਾਸਪੁਰ ’ਚ ਹੋਈ ਸੀ।