ਕਪੂਰਥਲਾ : ਬਰੈਂਪਟਨ ਵਿਖੇ ਇਕ ਸ਼ਰਾਬੀ ਡਰਾਈਵਰ ਨੇ ਪੰਜਾਬੀ ਪਰਵਾਰ ਦੇ ਘਰ ਦਾ ਦੀਵਾ ਬੁਝਾ ਦਿਤਾ। ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਕਸਬੇ ਨਾਲ ਸਬੰਧਤ ਅਮਿਤ ਬਹਿਲ ਸੜਕ ਪਾਰ ਕਰਨ ਲਈ ਬੱਤੀ ਹੋਣ ਦੀ ਉਡੀਕ ਕਰ ਰਿਹਾ ਸੀ ਕਿ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿਤੀ। ਅਮਿਤ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 28 ਸਾਲ ਦਾ ਅਮਿਤ ਬਹਿਲ ਪੁੱਤਰ ਰੌਣਕ ਬਹਿਲ ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਸੀ ਅਤੇ ਪੜ੍ਹਾਈ ਖ਼ਤਮ ਹੋਣ ਮਗਰੋਂ ਬਰੈਂਪਟਨ ਵਿਖੇ ਰਹਿਣ ਲੱਗਾ। ਪੀਲ ਰੀਜਨਲ ਪੁਲਿਸ ਮੁਤਾਬਕ ਕੈਸਲ ਓਕਸ ਕ੍ਰੌਸਿੰਗ ਨੇੜੇ ਹਾਦਸਾ ਵਾਪਰਿਆ ਜਦੋਂ 22 ਸਾਲ ਦੇ ਇਕ ਕਾਰ ਡਰਾਈਵਰ ਨੇ ਕਥਿਤ ਤੌਰ ’ਤੇ ਇਕ ਪੈਦਲ ਸ਼ਖਸ ਨੂੰ ਟੱਕਰ ਮਾਰ ਦਿਤੀ।

ਟੱਕਰ ਮਗਰੋਂ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਵੱਲੋਂ ਪਿੱਛਾ ਕੀਤੇ ਜਾਣ ’ਤੇ ਕਰੂਜ਼ਰ ਨੂੰ ਟੱਕਰ ਮਾਰਨ ਦਾ ਯਤਨ ਵੀ ਕੀਤਾ। ਆਖਰਕਾਰ ਪੁਲਿਸ ਉਸ ਨੂੰ ਰੋਕਣ ਵਿਚ ਸਫਲ ਰਹੀ ਅਤੇ ਗ੍ਰਿਫ਼ਤਾਰ ਕਰ ਲਿਆ ਗਿਆ। ਕਾਰ ਡਰਾਈਵਰ ਵਿਰੁੱਧ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ, ਹਾਦਸੇ ਮਗਰੋਂ ਮੌਕੇ ’ਤੇ ਮੌਜੂਦ ਨਾ ਰਹਿਣ ਅਤੇ ਖਤਰਨਾਕ ਡਰਾਈਵਿੰਗ ਕਰਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਆਇਦ ਕੀਤੇ ਗਏ। ਅਮਿਤ ਬਹਿਲ ਦੀ ਮੌਤ ਮਗਰੋਂ ਡਰਾਈਵਰ ਵਿਰੁੱਧ ਦੋਸ਼ਾਂ ਨੂੰ ਹੋਰ ਵਧਾਇਆ ਜਾ ਸਕਦਾ ਹੈ। ਦੀਵਾਲੀ ਮੌਕੇ ਆਪਣੇ ਪੁੱਤ ਦੇ ਪੰਜਾਬ ਆਉਣ ਦੀ ਉਡੀਕ ਕਰ ਰਹੇ ਪਰਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਨੂੰ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਣ ਅਤੇ ਫਿਰ ਦਮ ਤੋੜਨ ਬਾਰੇ ਪਤਾ ਲੱਗਾ। ਅਮਿਤ ਬਹਿਲ ਦੀ ਦੇਹ ਭਾਰਤ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।