ਇਟਲੀ ਵਿਚ ਵੱਸਦੇ ਪ੍ਰਵਾਸੀਆਂ ਦੀ ਆਵਾਜ਼ ਬੁਲੰਦ ਕਰਨ ਲਈ ਇਟਲੀ ਦੀ ਰਾਜਧਾਨੀ ਵਿਚ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿਚ ਇਟਲੀ ਭਰ ਤੋਂ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਇਕੱਠ ਦਾ ਮਕਸਦ ਇਟਲੀ ਵਿਚ ਪ੍ਰਵਾਸੀਆਂ ਦੀਆਂ ਮੰਗਾਂ ਨੂੰ ਸਰਕਾਰ ਤਕ ਪਹੁੰਚਾਉਣਾ ਸੀ। ਪੱਤਰਕਾਰ ਨਾਲ ਗੱਲਬਾਤ ਕਰਦਿਆਂ “ਇੰਡੀਅਨ ਕਮਿਊਨਿਟੀ ਇਨ ਲਾਸੀਓ ਦੇ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਅਤੇ ਸ਼ਹੀਦ ਭਗਤ ਸਿੰਘ ਸਭਾ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਬੌਬੀ ਅਟਵਾਲ ਨੇ ਦਸਿਆ ਕਿ ਇਟਲੀ ਵੱਸਦੇ ਪ੍ਰਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਇਟਲੀ ਦੀ ਰਾਜਧਾਨੀ ਰੋਮ ਵਿਖੇ ਮੁਜ਼ਾਹਰਾ ਕੱਢਿਆ ਗਿਆ। ਪਿਆਸਾ ਵਿਤੋਰੀੳ ਤੋਂ ਜਲੂਸ ਦੇ ਰੂਪ ਵਿਚ ਸ਼ੁਰੂ ਹੋਇਆ ਮਾਰਚ ਪਿਆਸਾ ਵਨੇਸੀਆ ਵਿਖੇ ਸਮਾਪਤ ਹੋਇਆ। ਉਨ੍ਹਾਂ ਦਸਿਆ ਕਿ ਇਨ੍ਹਾਂ ਮੰਗਾਂ ਵਿਚ ਇਟਲੀ ’ਚ ਨਿਵਾਸ ਪਰਮਿਟ (ਪਰਮੇਸੋ ਦੀ ਸੰਜੋਰਨੋ) ਦੇ ਨਵਨੀਕਰਨ ਲਈ ਲੰਮਾ ਸਮਾਂ ਲੱਗਣਾ, ਫਿੰਗਰਪ੍ਰਿੰਟ ਦੀ ਤਾਰੀਕ ਬਹੁਤ ਲੇਟ ਮਿਲਣੀ, ਇਟਲੀ ਵਿਚ ਜਨਮੇ ਬੱਚੇ ਨੂੰ ਜਨਮ ਤੋਂ ਹੀ ਨਾਗਰਿਕਤਾ ਮਿਲਣ ਸੰਬੰਧੀ, ਪ੍ਰਵਾਸੀ ਕਾਮਿਆਂ ਸਬੰਧੀ ਹੋਰ ਮਸਲੇ ਸ਼ਾਮਲ ਹਨ।
ਇਸ ਵਿਚ ਭਾਰਤੀਆ ਤੋਂ ਇਲਾਵਾ ਬੰਗਲਾਦੇਸ਼, ਸ਼੍ਰੀਲੰਕਾ, ਅਫਰੀਕਨ, ਕੈਮਰੋਨ, ਇਕਆਦੋਰ ਅਤੇ ਕਈ ਹੋਰਨਾਂ ਮੂਲ ਨਾਲ ਸਬੰਧਤ ਪ੍ਰਵਾਸੀਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਰੋਮ ਵਿਖੇ ਹੋਏ ਇਕੱਠ ਵਿਚ ਇਟਲੀ ਭਰ ਤੋਂ ਆਏ ਲੋਕਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਮੂਹ ਪ੍ਰਵਾਸੀਆਂ ਦੇ ਹੱਕ ਦੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਦਸਿਆ ਕਿ ਪ੍ਰਵਾਸੀਆਂ ਦੀਆਂ ਮੰਗਾਂ ਸਬੰਧੀ ਇਕ ਪੱਤਰ ਈਮੇਲ ਰਾਹੀਂ ਇਟਲੀ ਦੇ ਵੱਖ ਵੱਖ ਵਿਭਾਗਾਂ ਜਿਸ ਵਿਚ ਮੁੱਖ ਰੋਮ ਕਸਤੂਰਾ, ਰੋਮ ਪ੍ਰਫੈਤੂਰਾ, ਮਿਨੀਸਟਰੀ ਦੇਲਾ ਇਨਤੇਰਨੋ (ਗ੍ਰਹਿ ਮੰਤਰਾਲਾ), ਵਿਦੇਸ਼ ਮੰਤਰਾਲਾ, ਕਿਰਤ ਮੰਤਰਾਲਾ ਆਦਿ ਨੂੰ ਭੇਜਿਆ ਗਿਆ ਅਤੇ ਜਲਦੀ ਹੀ ਸਰਕਾਰੀ ਮੰਤਰਲੇ ਤੋਂ ਮੁਲਾਕਾਤ ਦਾ ਸਮਾਂ ਵੀ ਮੰਗਿਆ ਗਿਆ ਹੈ। ਇਸ ਮੌਕੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸ਼ਾਮਿਲ ਹੋਏ।