ਫਾਜ਼ਿਲਕਾ : ਸ਼ਨੀਵਾਰ ਸਵੇਰੇ ਬਿਆਸ ਜਾ ਰਹੀ ਇਕ ਪਿਕਅੱਪ ਦੀ ਟਰਾਲੇ ਨਾਲ ਹੋਈ ਭਿਆਨਕ ਟੱਕਰ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 9 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਜ਼ਖ਼ਮੀਆਂ ਵਿੱਚ ਬੱਚੇ ਵੀ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਪੈਂਦੇ ਪਿੰਡ ਜੰਗਾ ਵਾਲਾ ਦੇ ਕੋਲ ਟਰੱਕ ਅਤੇ ਮਹਿੰਦਰਾ ਪਿਕਅੱਪ ਜੀਪ ਵਿਚਾਲੇ ਜ਼ਬਰਦਸਤ ਟੱਕਰ ਹੋਈ। ਪਿੰਡ ਮਲਕਜ਼ਾਦੇ ਦਾ ਇੱਕ ਪਰਿਵਾਰ ਆਪਣੇ ਕਿਸੇ ਮ੍ਰਿਤਕ ਮੈਂਬਰ ਦੀਆਂ ਅਸਥੀਆਂ ਜਲ-ਪ੍ਰਵਾਹ ਕਰਨ ਲਈ ਡੇਰਾ ਬਿਆਸ ਜਾ ਰਿਹਾ ਸੀ।
ਪਿਕਅੱਪ ਵਿੱਚ ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ ਕਰੀਬ 25 ਤੋਂ 30 ਲੋਕ ਸਵਾਰ ਸਨ। ਜਦੋਂ ਵਾਹਨ ਪਿੰਡ ਹੁਸੈਨਸ਼ਾਹ ਦੇ ਕੋਲ ਪਹੁੰਚਿਆ, ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅੱਪ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਪਿਕਅੱਪ ਦੇ ਉੱਪਰ ਬਣੇ ਟੂਲ ਬਾਕਸ ‘ਤੇ ਬੈਠੇ ਪੰਜ ਲੋਕ ਉਛਲ ਕੇ ਟਰਾਲੇ ਦਾ ਸ਼ੀਸ਼ਾ ਤੋੜਦੇ ਹੋਏ ਉਸ ਦੇ ਅੰਦਰ ਜਾ ਡਿੱਗੇ। ਟੱਕਰ ਤੋਂ ਬਾਅਦ ਮੌਕੇ ‘ਤੇ ਚੀਕ-ਚਿਹਾੜਾ ਮਚ ਗਿਆ। ਆਸ-ਪਾਸ ਦੇ ਲੋਕਾਂ ਅਤੇ ਰਾਹਗੀਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਜ਼ਖਮੀਆਂ ਨੂੰ ਵਾਹਨਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਭੇਜ ਦਿੱਤਾ ਹੈ।
ਦੂਜੇ ਪਾਸੇ, ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰਵਾਈ ਗਈ। ਮੁਢਲੀ ਤੌਰ ‘ਤੇ ਇਹ ਹਾਦਸਾ ਆਹਮੋ-ਸਾਹਮਣੇ ਦੀ ਟੱਕਰ ਦਾ ਮਾਮਲਾ ਦੱਸਿਆ ਜਾ ਰਿਹਾ ਹੈ, ਹਾਲਾਂਕਿ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।














