ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਜਲਾਸ ਦੀ ਕਾਰਵਾਈ ਦੌਰਾਨ ਕਾਫੀ ਹੰਗਾਮਾ ਹੋਇਆ | ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ‘ਚ ਬੋਲਦੇ ਹੀ ਮਾਹੌਲ ਭਖ ਗਿਆ। ਜਦੋਂ ਮੁੱਖ ਮੰਤਰੀ ਨੇ 1 ਨਵੰਬਰ ਨੂੰ ਖੁੱਲ੍ਹੀ ਬਹਿਸ ਲਈ ਆਉਣ ਦੀ ਗੱਲ ਕੀਤੀ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਨੂੰ ‘ਤੂੰ’ ਕਹਿ ਕੇ ਸੰਬੋਧਨ ਕੀਤਾ। ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਗੁੱਸੇ ‘ਚ ਆ ਗਏ। ਵਿਧਾਨ ਸਭਾ ਦਾ ਮਾਹੌਲ ਇੰਨਾ ਵਿਗੜ ਗਿਆ ਕਿ ਵਿਧਾਨ ਸਭਾ ਦਾ ਸਿੱਧਾ ਪ੍ਰਸਾਰਣ ਰੋਕਣਾ ਪਿਆ।
ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਸਿਫਰ ਕਾਲ ਸ਼ੁਰੂ ਹੁੰਦੇ ਹੀ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਪਿਛਲੇ ਦਿਨੀਂ ਉਠਾਏ ਸਵਾਲਾਂ ਨੂੰ ਦੁਹਰਾਇਆ। ਪ੍ਰਤਾਪ ਬਾਜਵਾ ਨੇ ਕਿਹਾ ਕਿ ਐਸਆਈਟੀ ਦੇ ਮੈਂਬਰ ਰਹੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਵਾਲ ਖੜ੍ਹੇ ਕੀਤੇ ਹਨ।