ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜ਼ਰੀ, ਸ਼ਰਧਾ ਭਾਵਨਾ ਦਾ ਪ੍ਰਗਟਾਵਾ

ਨਿਊਯਾਰਕ : ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਿੱਖ ਸੈਂਟਰ ਆਫ ਕਵੀਨਸ ਵਿਲੇਜ ਵੱਲੋਂ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਵਿੱਚ ਹਜ਼ਾਰਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਨੇ ਸਿੱਖ ਇਤਿਹਾਸ, ਗੁਰੂ ਸਾਹਿਬ ਦੀ ਸ਼ਹਾਦਤ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਇਆ। ਗਲੋਬਲ ਪੰਜਾਬ ਟੀਵੀ ਨਾਲ ਗੱਲ ਕਰਦਿਆਂ ਹੋਇਆਂ ਗੁਰਦੁਆਰਾ ਕਮੇਟੀ ਦੇ ਨੁਮਾਇੰਦਿਆਂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਨਗਰ ਕੀਰਤਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਵੱਲੋਂ ਕੀਤੀ ਗਈ। ਉਸ ਤੋਂ ਬਾਅਦ ਫੁੱਲਾਂ ਲੱਦੀ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਫਲੋਟ ਸੀ। ਇਹ ਨਗਰ ਕੀਰਤਨ ਵੱਖ ਵੱਖ ਸੜਕਾਂ ਤੇ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸੰਤ ਸਾਗਰ ਵਿਖੇ ਪਹੁੰਚਿਆ ਜਿੱਥੇ ਬਾਬਾ ਸੱਜਣ ਸਿੰਘ ਜੀ ਅਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਨਗਰ ਕੀਰਤਨ ਹਿਲ ਸਾਈਡ ਐਵਨਿਊ ਤੋਂ ਹੁੰਦਾ ਹੋਇਆ ਲਿਟਲ ਨੈੱਕ ਪਾਰਕਵੇ ਤੇ ਪਹੁੰਚਿਆ, ਜਿੱਥੇ ਵੱਖ ਵੱਖ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ, ਸਿੱਖ ਇਤਿਹਾਸ ਅਤੇ ਗੁਰਮਤ ਸਿਧਾਂਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਅਤੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਤੋਂ ਵੀ ਪ੍ਰਬੰਧਕ ਪਹੁੰਚੇ ਹੋਏ ਸਨ। ਉਹਨਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਨੁੱਖਤਾ, ਧਾਰਮਿਕ ਆਜ਼ਾਦੀ ਅਤੇ ਸੱਚ ਦੇ ਮਾਰਗ ਉੱਤੇ ਡਟੇ ਰਹਿਣ ਦੀ ਪ੍ਰੇਰਨਾ ਦਿੰਦੀ ਹੈ। ਨਗਰ ਕੀਰਤਨ ਦੌਰਾਨ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਦਾ ਗਾਇਨ ਕੀਤਾ ਗਿਆ, ਜਦ ਕਿ ਸੇਵਾਦਾਰਾਂ ਵੱਲੋਂ ਥਾਂ-ਥਾਂ ਠੰਡੇ ਮਿੱਠੇ ਜਲ ਅਤੇ ਲੰਗਰ ਦੀ ਸੇਵਾ ਕੀਤੀ ਗਈ। ਵੱਖ-ਵੱਖ ਮਾਰਗਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਮੁੜ ਸਿੱਖ ਸੈਂਟਰ ਆਫ ਕੀਨਸ ਵਿਲੇਜ ਵਿਖੇ ਪਹੁੰਚ ਕੇ ਸਮਾਪਤ ਹੋਇਆ। ਗੁਰੂ ਘਰ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਜਿਹੇ ਨਗਰ ਕੀਰਤਨ ਨਾ ਸਿਰਫ ਸਿੱਖ ਸੰਗਤ ਨੂੰ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਜੋੜਦੇ ਹਨ, ਸਗੋਂ ਹੋਰ ਧਰਮਾਂ ਅਤੇ ਕੌਮਾਂ ਨਾਲ ਸੰਬੰਧਿਤ ਲੋਕਾਂ ਨੂੰ ਵੀ ਸਿੱਖ ਧਰਮ ਦੀਆਂ ਮਹਾਨ ਕੁਰਬਾਨੀਆਂ, ਸੇਵਾ ਅਤੇ ਮਨੁੱਖਤਾ ਦੇ ਸੰਦੇਸ਼ ਨਾਲ ਜਾਣੂ ਕਰਵਾਉਂਦੇ ਹਨ। ਖਾਸ ਤੌਰ ਤੇ ਬੱਚਿਆਂ ਅਤੇ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਨੇ ਇਸ ਸਮਾਗਮ ਨੂੰ ਹੋਰ ਵੀ ਵਿਸ਼ੇਸ਼ ਬਣਾਇਆ। ਸਮਾਗਮ ਦੇ ਅੰਤ ਵਿੱਚ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦਿਆਂ ਗੁਰੂ ਸਾਹਿਬ ਦੇ ਦਰਸਾਏ ਹੋਏ ਸੱਚ, ਸੇਵਾ ਅਤੇ ਸਿਮਰਨ ਦੇ ਮਾਰਗ ਤੇ ਚੱਲਣ ਦਾ ਸੰਕਲਪ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਨਿਊਯਾਰਕ ਦੀ ਸਿੱਖ ਕਮਿਊਨਿਟੀ ਦੀ ਏਕਤਾ, ਸ਼ਰਧਾ ਅਤੇ ਗੁਰੂ ਘਰ ਪ੍ਰਤੀ ਸਮਰਪਣ ਦਾ ਸ਼ਾਨਦਾਰ ਪ੍ਰਤੀਕ ਬਣਿਆ।