ਚੰਡੀਗੜ੍ਹ – 22 ਜਨਵਰੀ ਨੂੰ ਅਯੁੱਧਿਆ ‘ਚ ਹੋਏ ਰਾਮਲਲਾ ਦੇ ਪ੍ਰਾਣ ਪ੍ਰਤੀਸ਼ਠਾ ਸਮਾਗਮ ਨੂੰ ਲੈ ਕੇ ਬਠਿੰਡਾ ਦੀ ਇਕ ਲੜਕੀ ਨੇ ਸੋਸ਼ਲ ਮੀਡੀਆ ‘ਤੇ ਭਗਵਾਨ ਸ਼੍ਰੀ ਰਾਮ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀਰਵਾਰ ਨੂੰ ਸਥਾਨਕ ਦੁਕਾਨਦਾਰਾਂ ਅਤੇ ਹਿੰਦੂ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ। ਲੜਕੀ ਦੀ ਪਛਾਣ ਰਾਮਾ ਮੰਡੀ ਦੀ ਰਹਿਣ ਵਾਲੀ ਸਾਇਨਾ ਵਜੋਂ ਹੋਈ ਹੈ। ਉਹ ਸੈਲੂਨ ਚਲਾਉਂਦੀ ਹੈ।

ਪੁਲਿਸ ਨੇ ਸਾਇਨਾ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ। ਵੀਰਵਾਰ ਨੂੰ ਜਦੋਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਤਾਂ ਉਸ ਨੇ ਇਕ ਹੋਰ ਵੀਡੀਓ ਜਾਰੀ ਕਰਕੇ ਸਪੱਸ਼ਟੀਕਰਨ ਦਿੱਤਾ। ਕੁੜੀ ਨੇ ਕਿਹਾ- ਮੈਂ ਬਹੁਤ ਹੈਰਾਨ ਹਾਂ ਕਿ ਰਾਮਾ ਮੰਡੀ ਵਿਚ ਮੇਰਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਮੈਂ ਹਿੰਦੂ ਭਾਈਚਾਰੇ ਖਿਲਾਫ਼ ਵੀਡੀਓ ਪੋਸਟ ਨਹੀਂ ਕੀਤੀ। ਮੈਂ ਉਨ੍ਹਾਂ ਲੋਕਾਂ ਦੇ ਖਿਲਾਫ਼ ਇੱਕ ਵੀਡੀਓ ਪੋਸਟ ਕੀਤੀ ਸੀ ਜਿਨ੍ਹਾਂ ਨੇ ਚਰਚ ਦੀ ਕਰਾਸ ਤੋੜੀ ਅਤੇ ਰਾਮ ਦੇ ਨਾਮ ‘ਤੇ ਝੰਡਾ ਲਹਿਰਾਇਆ। ਇਸਾਈ ਧਰਮ ਨਾਲ ਸਬੰਧਤ ਨੌਜਵਾਨ ਨੂੰ ਰਾਮ ਦਾ ਨਾਮ ਜਪਣ ਲਈ ਮਜਬੂਰ ਕੀਤਾ ਗਿਆ। ਮੈਂ ਉਸਦੇ ਖਿਲਾਫ ਇੱਕ ਵੀਡੀਓ ਪੋਸਟ ਕੀਤਾ ਸੀ।

ਮੈਂ ਹਿੰਦੂ, ਸਿੱਖ ਜਾਂ ਮੁਸਲਿਮ ਭਾਈਚਾਰੇ ਦੇ ਵਿਰੁੱਧ ਨਹੀਂ ਹਾਂ, ਮੈਂ ਖੁਦ ਸਿੱਖ ਪਰਿਵਾਰ ਨਾਲ ਸਬੰਧਤ ਹਾਂ। ਮੈਂ ਭਗਵਾਨ ਰਾਮ ਦੇ ਖਿਲਾਫ਼ ਕੁਝ ਨਹੀਂ ਕਿਹਾ। ਕੁਝ ਲੋਕ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੈਂ ਹਿੰਦੂ ਭਾਈਚਾਰੇ ਦੇ ਖਿਲਾਫ਼ ਬੋਲ ਰਹੀ ਹਾਂ। ਇਹ ਲੋਕ ਉਦੋਂ ਨਹੀਂ ਬੋਲੇ ਜਦੋਂ ਚਰਚਾਂ ਨੂੰ ਢਾਹਿਆ ਗਿਆ ਅਤੇ ਪਾਦਰੀ ਜ਼ਿੰਦਾ ਸਾੜ ਦਿੱਤੇ ਗਏ। 22 ਜਨਵਰੀ ਨੂੰ ਜਦੋਂ ਮੰਦਿਰ ਦਾ ਉਦਘਾਟਨ ਕੀਤਾ ਗਿਆ ਸੀ, ਤਾਂ ਇਹ ਚਰਚ ਵਿੱਚ ਵੀ ਮਨਾਇਆ ਗਿਆ ਸੀ। ਮੇਰੀ ਇੱਕ ਕਲਿੱਪ ਨੂੰ ਚੁੱਕ ਕੇ ਗਲਤ ਤਰੀਕੇ ਨਾਲ ਵਰਤਿਆ ਗਿਆ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਸਾਇਨਾ ਖਿਲਾਫ਼ ਪ੍ਰਦਰਸ਼ਨ ਕੀਤਾ। ਉਹ ਰਾਮਾ ਮੰਡੀ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾ ਕੇ ਗਾਂਧੀ ਚੌਂਕ ਵਿਖੇ ਇਕੱਠੇ ਹੋਏ ਅਤੇ ਪੰਜਾਬ ਸਰਕਾਰ ਅਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਸਰਾਂ, ਭਾਜਪਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਅਤੇ ਭਾਜਪਾ ਆਗੂ ਰਘੁਵੀਰ ਸਿੰਘ ਬ੍ਰਾਹਮਣਵਾਲ ਹਾਜ਼ਰ ਸਨ।

ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਵੀਡੀਓ ‘ਚ ਸ਼੍ਰੀ ਰਾਮ ਨੂੰ ਮਾੜਾ ਬੋਲਣ ਵਾਲੀ ਸਾਇਨਾ ਈਸਾਈ ਧਰਮ ਨਾਲ ਸਬੰਧਤ ਹੈ। ਉਨ੍ਹਾਂ ਨੇ ਸ਼੍ਰੀ ਰਾਮ ਮੰਦਰ ਦੇ ਖਿਲਾਫ਼ ਬੋਲ ਕੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਤਲਵੰਡੀ ਰਾਜੇਸ਼ ਸਨੇਹੀ ਮੌਕੇ ’ਤੇ ਪੁੱਜੇ ਅਤੇ ਕਾਰਵਾਈ ਦਾ ਭਰੋਸਾ ਦੇ ਕੇ ਧਰਨਾਕਾਰੀ ਲੋਕਾਂ ਨੂੰ ਸ਼ਾਂਤ ਕੀਤਾ।

ਡੀਐਸਪੀ ਤਲਵੰਡੀ ਰਾਜੇਸ਼ ਸਨੇਹੀ ਨੇ ਦੱਸਿਆ ਕਿ ਰਾਮਾ ਮੰਡੀ ਦੇ ਸੰਜੀਵ ਕੁਮਾਰ ਨੇ ਥਾਣਾ ਰਾਮਾ ਮੰਡੀ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਸਾਇਨਾ ਖ਼ਿਲਾਫ਼ ਆਈਪੀਸੀ ਦੀ ਧਾਰਾ 295 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ।