ਲੰਦਨ ਵਿਚ ਸੜਕ ‘ਤੇ ਹੋਏ ਇਕ ਝਗੜੇ ਵਿਚ ਇਕ ਸਿੱਖ ਕਿਸ਼ੋਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਲੰਦਨ ਪੁਲਿਸ ਨੇ ਦੱਸਿਆ ਕਿ ਨੌਜਵਾਨ ਸਿੱਖ ਦੀ ਪਛਾਣ ਸਿਮਰਜੀਤ ਸਿੰਘ ਨਾਗਪਾਲ ਵਜੋਂ ਹੋਈ ਹੈ। ਸਿਮਰਜੀਤ ਦੀ ਹੱਤਿਆ ਦੇ ਮਾਮਲੇ ਵਿਚ ਇਕ ਬਜ਼ੁਰਗ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਿਰਾਸਤ ਵਿਚ ਲਏ ਗਏ ਲੋਕਾਂ ਦੀ ਉਮਰ 21, 27, 31 ਤੇ 71 ਸਾਲ ਦੱਸੀ ਗਈ ਹੈ। ਸਿਮਰਜੀਤ ਦੀ ਹੱਤਿਆ ਲੰਦਨ ਦੇ ਹਾਊਂਸਲੋ ਖੇਤਰ ਵਿਚ ਹੋਈ ਸੀ।

ਪੁਲਿਸ ਨੇ ਕਿਹਾ ਕਿ ਉਹ 17 ਸਾਲਾ ਸਿਮਰਜੀਤ ਸਿੰਘ ਦੀ ਦੁਖਦ ਮੌਤ ਨਾਲ ਜੁੜੀਆਂ ਘਟਨਾਵਾਂ ਦੀ ਜਾਂਚ ਜਾਰੀ ਰੱਖਣਗੇ ਤੇ ਸਿੱਖ ਭਾਈਚਾਰੇ ਨੂੰ ਇਸ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਿਹਰੇ ਵਿਚ ਲਿਆਉਣ ਲਈ ਸਖਤ ਮਿਹਨਤ ਕਰਨ ਦਾ ਭਰੋਸਾ ਦਿੱਤਾ।

ਪੁਲਿਸ ਨੇ ਕਿਹਾ ਕਿ ਅਸੀਂ ਸਿਮਰਜੀਤ ਸਿੰਘ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਨੂੰ ਲੱਭਣ ਲਈ 24 ਘੰਟੇ ਕੰਮ ਕਰ ਰਹੇ ਹਾਂ ਕਿਉਂਕਿ ਉਸ ਦੇ ਪਰਿਵਾਰ ਦੇ ਮੈਂਬਰ ਇਸ ਘਟਨਾ ਤੋਂ ਉਭਰਨ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਿਲਸਿਲੇ ਵਿਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਸਾਡੀ ਪੁੱਛਗਿਛ ਜਾਰੀ ਹੈ। ਮੈਂ ਅਜਿਹੇ ਕਿਸੇ ਵੀ ਵਿਅਕਤੀ ਨੂੰ ਅਪੀਲ ਕਰਾਂਗਾ ਜਿਸ ਕੋਲ ਇਸ ਬਾਰੇ ਜਾਣਕਾਰੀ ਹੋਵੇ ਕਿ ਘਟਨਾ ਕਿਵੇਂ ਵਾਪਰੀ ਜਾਂ ਜਿਸ ਨੇ ਵੀ ਘਟਨਾ ਨੂੰ ਆਪਣੇ ਫੋਨ, ਕੈਮਰੇ ਜਾਂ ਡੋਰਬੈੱਲ ਫੁਟੇਜ ਵਿਚ ਕੈਦ ਕੀਤਾ ਹੋਵੇ, ਸਾਨੂੰ ਸਹਿਯੋਗ ਕਰੇ।