ਜਲੰਧਰ, 14 ਦਸੰਬਰ
ਦੋ ਦਹਾਕਿਆਂ ਤੋਂ ਪੰਥਕ ਏਜੰਡੇ ਤੋਂ ਮੂੰਹ ਮੋੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਤੋਂ ਪੰਥਕ ਏਜੰਡਾ ਅਪਨਾਉਣ ਲਈ 97ਵਾਂ ਸਥਾਪਨਾ ਦਿਵਸ ਮਨਾਉਣ ਦਾ ਸਮਾਗਮ ਦੀਵਾਨ ਹਾਲ, ਗੁਰਦੁਆਰਾ ਮੰਜੀ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਰੱਖਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਆਪ ਨੂੰ ਧਰਮ-ਨਿਰਪੱਖ ਪਾਰਟੀ ਦੱਸ ਕੇ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਏ ਗਏ ਸੰਵਿਧਾਨ ਬਾਰੇ ਸੋਸ਼ਲਿਸਟ ਪਾਰਟੀ (ਇੰਡੀਆ) ਦੇ ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਖੇੜਾ ਨੇ ਅਕਾਲੀ ਦਲ ਨੂੰ ਚੁਣੌਤੀ ਦਿੱਤੀ ਹੋਈ ਹੈ ਕਿ ਉਸ ਨੇ ਦੋ ਸੰਵਿਧਾਨ ਪੇਸ਼ ਕਰਕੇ ਪੰਜਾਬ ਅਤੇ ਸਿੱਖ ਕੌਮ ਨੂੰ ਧੋਖੇ ਵਿਚ ਰੱਖਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ 14 ਦਸੰਬਰ 1920 ਨੂੰ ਉਦੋਂ ਹੋਂਦ ਵਿਚ ਆਈ ਸੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ। ਆਜ਼ਾਦੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪਾਰਲੀਮੈਂਟ ਤੇ ਵਿਧਾਨ ਸਭਾ ਦੀ ਚੋਣ ਲੜਨ ਲੱਗ ਪਿਆ ਸੀ। ਸੰਵਿਧਾਨ ਅਨੁਸਾਰ ਧਾਰਮਿਕ ਪਾਰਟੀਆਂ ਚੋਣਾਂ ਵਿਚ ਹਿੱਸਾ ਨਹੀਂ ਲੈ ਸਕਦੀਆਂ, ਇਸ ਲਈ ਚੋਣ ਕਮਿਸ਼ਨ ਨੇ 1951 ਦੇ ਕਾਨੂੰਨ ਵਿੱਚ ਸੋਧ ਕਰਕੇ ਸਾਰੀਆਂ ਪਾਰਟੀਆਂ ਨੂੰ ਨਵੇਂ ਸਿਰਿਓਂ ਰਜਿਸਟ੍ਰੇਸ਼ਨ ਕਰਵਾਉਣ ਅਤੇ ਹਲਫਨਾਮੇ ਦਾਖਲ ਕਰਵਾਉਣ ਲਈ ਹੁਕਮ ਦਿੱਤੇ ਸਨ। ਬਲਵੰਤ ਸਿੰਘ ਖੇੜਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਦੀ ਹਦਾਇਤ ’ਤੇ ਉਸ ਵੇਲੇ ਦੇ ਪਾਰਟੀ ਦੇ ਜਨਰਲ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਲੋੜੀਂਦਾ ਰਿਕਾਰਡ ਬਣਾ ਕੇ ਦਿੱਤਾ ਸੀ।
ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬਾ ਅੰਦੋਲਨ ਚਲਾਇਆ ਪਰ ਇਸ ਦਾ ਆਪਣਾ ਸੰਵਿਧਾਨ ਪੰਜਾਬੀ ਵਿੱਚ ਨਹੀਂ ਹੈ। ਪਾਰਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਲੜਦੀ ਹੈ ਪਰ ਡਾਇਰੈਕਟੋਰੇਟ ਦਿੱਲੀ ਚੋਣਾਂ ਵੱਲੋਂ ਇਹ ਸਪੱਸ਼ਟ ਹਦਾਇਤਾਂ ਹਨ ਕਿ ਕੇਵਲ ਧਾਰਮਿਕ ਪਾਰਟੀਆਂ ਹੀ ਇਸ ਵਿਚ ਹਿੱਸਾ ਲੈ ਸਕਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਕੋਲੋਂ ਮਾਨਤਾ ਲੈਣ ਲਈ 1989 ਵਿਚ ਜਿਹੜਾ ਹਲਫਨਾਮਾ ਭੇਜਿਆ ਸੀ ਉਸ ਵਿੱਚ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਨਿਰਪੱਖ ਪਾਰਟੀ ਦੱਸਿਆ ਸੀ। ਸ੍ਰੀ ਖੇੜਾ ਨੇ ਕਿਹਾ ਕਿ ਇਸ ਹਲਫਨਾਮੇ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਪੰਜਾਬ ਵਿਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਰਾਜਨੀਤਕ ਪਾਰਟੀ ਵੱਲੋਂ ਲੜਦਾ ਰਿਹਾ ਹੈ।
ਬਲਵੰਤ ਸਿੰਘ ਖੇੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਦਸਤਾਵੇਜ਼ ਹੀ ਇਸ ਨੂੰ ਝੂਠਾ ਸਾਬਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਅਕਾਲੀ ਦਲ ਨੇ 1989 ਵਿੱਚ ਆਪਣੇ ਆਪ ਨੂੰ ਧਰਮ ਨਿਰਪੱਖ ਹੋਣ ਦਾ ਹਲਫਨਾਮਾ ਦਿੱਤਾ ਸੀ ਉਸੇ ਪਾਰਟੀ ਨੇ ਸੰਨ 2004 ਵਿੱਚ ਪਾਰਟੀ ਸੰਵਿਧਾਨ ਵਿੱਚ ਸੋਧ ਕਰਨ ਲਈ ਕਮੇਟੀ ਬਣਾਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਡਰ ਸੈਕਟਰੀ ਇਲੈਕਸ਼ਨ ਕਮਿਸ਼ਨ ਨੂੰ 19 ਜਨਵਰੀ 2008 ਨੂੰ ਪੱਤਰ ਲਿਖਿਆ ਸੀ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਵਿਚ ਸੋਧਾਂ ਕਰ ਲਈਆਂ ਹਨ ਜਦਕਿ ਇਹ ਸੋਧਾਂ ਕਰਨ ਵਾਲਾ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਚ 31 ਜਨਵਰੀ 2008 ਨੂੰ ਹੋਇਆ ਸੀ। ਇਸ ਪੱਤਰ ਨਾਲ ਸੰਵਿਧਾਨ ਦਾ ਅੰਗਰੇਜ਼ੀ ਵਿਚ ਕੀਤਾ ਉਤਾਰਾ ਵੀ ਭੇਜਿਆ ਗਿਆ ਸੀ।