ਨਵੀਂ ਦਿੱਲੀ, 28 ਨਵੰਬਰ: 1984 ਸਿੱਖ ਕਤਲੇਆਮ ਦੌਰਾਨ ਕਾਨਪੁਰ ਵਿਖੇ ਮਾਰੇ ਗਏ 127 ਸਿੱਖਾਂ ਨੂੰ ਇਨਸਾਫ਼ ਦਿਲਾਉਣ ਲਈ ਨਿਰੰਤਰ ਸੰਘਰਸ਼ ਕਰ ਰਹੇ ਜਥੇਦਾਰ ਕੁਲਦੀਪ ਸਿੰਘ ਭੋਗਲ ਨੇ ਕੇਸਾਂ ਲਈ ਬਣਾਈ ਗਈ ਐਸ.ਆਈ.ਟੀ ਦੇ ਸੁਸਤ ਰੱਵਈਏ ‘ਤੇ ਉਠਾਏ ਸੁਆਲ।
ਅਖਿਲ ਭਾਰਤੀ ਦੰਗਾ ਪੀੜਤ ਕਮੇਟੀ 1984 ਦਾ ਇੱਕ ਪ੍ਰਤੀਨਿਧ ਮੰਡਲ ਕਮੇਟੀ ਦੇ ਕੌਮੀ ਪ੍ਰਧਾਨ ਕੁਲਦੀਪ ਸਿੰਘ ਭੋਗਲ ਦੀ ਅਗੁਵਾਈ ਵਿਚ ਮੁੱਖ ਸਚਿਵ ਉੱਤਰ ਪ੍ਰਦੇਸ਼ ਸਰਕਾਰ ਸ੍ਰੀ ਰਾਜੇਂਦਰ ਕੁਮਾਰ ਤਿਵਾਰੀ ਜੀ ਤੋਂ ਮਿਲਿਆ ਜਿਸ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਵੀ ਸਨ । ਵਫ਼ਦ ਨੇ ਇੱਕ ਮੈਮੋਰੰਡਮ ਸੌਂਪਿਆ ਜਿਸ ਵਿਚ ਉਨ੍ਹਾਂ ਨੂੰ ਗਠਿਤ ਐਸ.ਆਈ.ਟੀ ਦੇ ਢਿੱਲੇ ਰੱਵਈਏ ਅਤੇ ਗਵਾਹਾਂ ਦੀ ਸੁਰੱਖਿਆ ਅਤੇ ਲੰਬਿਤ ਮੁਆਵਜੇ ਆਦਿ ਵਿਸ਼ਿਆਂ ਤੋਂ ਜਾਣੂ ਕਰਾਇਆ ਗਿਆ।
ਜਥੇਦਾਰ ਭੋਗਲ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਯੁ.ਪੀ ਦੇ ਮੁੱਖ ਸਚਿਵ ਤੋਂ ਮੁਲਾਕਾਤ ਕਰ ਐਸ.ਆਈ.ਟੀ ਦੀ ਕਾਰਜਸ਼ੈਲੀ ਦੀ ਜਾਣਕਾਰੀ ਦਿੱਤੀ। ਜਥੇਦਾਰ ਭੋਗਲ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਐਸ.ਆਈ.ਟੀ ਨੂੰ ਅਖਬਾਰਾਂ ਵਿਚ ਇਸ਼ਤਹਾਰ ਦੇਣ ਦੀ ਮੰਗ ਕੀਤੀ ਸੀ ਤਾਂਕਿ ਜੋ ਪੀੜਤ ਹੁਣ ਤੱਕ ਯੁ.ਪੀ ਤੋਂ ਪ੍ਰਸਥਾਨ ਕਰਕੇ ਪੰਜਾਬ, ਦਿੱਲੀ ਅਤੇ ਹੋਰਨਾਂ ਰਾਜਾਂ ਵਿਚ ਚਲੇ ਗਏ ਹਨ ਉਨ੍ਹਾਂ ਨੂੰ ਬੁਲਾਇਆ ਜਾਂਏ ਤਾਕਿ ਉਹ ਆਪਣੀ ਗਵਾਹੀ ਦੇ ਸਕਣ। ਇਸ ‘ਤੇ ਐਸ.ਆਈ.ਟੀ ਨੇ ਧਨ ਨਾ ਹੋਣ ਦੀ ਗੱਲ ਕਹੀ। ਨਾਲ ਹੀ ਐਸ.ਆਈ.ਟੀ ਵੱਲੋਂ ਇਹ ਵੀ ਕਿਹਾ ਗਿਆ ਕਿ ਉਹਨਾਂ ਕੋਲ ਪ੍ਰਸ਼ਾਸਨ ਦੀ ਤਰਫ਼ੋਂ ਮੁੜ੍ਹ ਫ਼ਾਈਲਾਂ ਨੂੰ ਖੋਲ੍ਹਣ ਦੀ ਪਰਮਿਸ਼ਨ ਤੱਕ ਨਹੀਂ ਆਈ।
ਜਥੇਦਾਰ ਭੋਗਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇੱਕ ਵਫ਼ਦ ਜਿਸ ਵਿਚ ਸੁਖਦੇਵ ਸਿੰਘ ਢੀਂਡਸਾ ਵੀ ਸਨ, ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਯਨਾਥ ਤੋਂ ਮਿਲਿਆ ਸੀ ਅਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ 127 ਲੋਕਾਂ ਨੂੰ 35 ਸਾਲ ਪਹਿਲਾਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਪਰ 35 ਸਾਲ ਬੀਤਣ ਮਗਰੋਂ ਵੀ ਕਾਤਿਲ ਖੁਲੇਆਮ ਘੁੰਮ ਰਹੇ ਹਨ।
ਇਸ ‘ਤੇ ਯੋਗੀ ਆਤਿਯਨਾਥ ਨੇ ਤੁਰੰਤ ਆਦੇਸ਼ ਜਾਰੀ ਕਰ ਐਸ.ਆਈ.ਟੀ ਬਣਾਉਣ ਦੀ ਗੱਲ ਕਹੀ ਅਤੇ ਉਚਿਤ ਕਾਰਵਾਈ ਕਰ ਕਾਤਿਲਾਂ ਦੇ ਖਿਲਾਫ਼ ਜਾਂਚ ਕਰਨ ਦੇ ਆਦੇਸ਼ ਵੀ ਦਿੱਤੇ ਪਰ ਅੱਜ 3 ਮਹੀਨੇ ਹੋਣ ਵਾਲੇ ਹਨ ਐਸ.ਆਈ.ਟੀ ਵੱਲੋਂ ਕੋਈ ਕਾਰਵਾਈ ਸ਼ੁਰੂ ਨਾ ਕਰਨਾ ਬਹੁਤ ਹੀ ਦੁਖਦਾਈ ਹੈ। ਜਥੇਦਾਰ ਭੋਗਲ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਤੋਂ ਪੀੜਤਾਂ ਨੂੰ ਬਹੁਤ ਉਮੀਦ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਮੰਗ ਕੀਤੀ ਕਿ ਐਸ.ਆਈ.ਟੀ ਨੂੰ ਦੁਬਾਰਾ ਆਦੇਸ਼ ਦੇ ਕੇ ਕੰਮ ਜਲਦ ਸ਼ੁਰੂ ਕਰਵਾਇਆ ਜਾਏ ਅਤੇ ਐਸ.ਆਈ.ਟੀ ਨੂੰ ਜੋ ਸਾਧਨ ਜ਼ਰੂਰੀ ਹਨ ਉਹ ਸਰਕਾਰ ਮਹੱਈਆ ਕਰਵਾਏ। ਸਭ ਤੋਂ ਪਹਿਲਾਂ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਵਿਚ ਇਸ਼ਤਿਹਾਰ ਦਿੱਤਾ ਜਾਏ ਤਾਂਕਿ ਗਵਾਹ ਆ ਕੇ ਆਪਣੀ ਗਵਾਹੀ ਦੇ ਸਕਣ।