ਕਮਲਨਾਥ ਅਤੇ ਜਗਦੀਸ਼ ਟਾਈਟਲਰ ਨੂੰ ਸਜ਼ਾ ਦਿਵਾ ਕੇ ਰਹਾਂਗੇ: ਸਿਰਸਾ

ਨਵੀਂ ਦਿੱਲੀ : 28 ਮਈ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਜਿਹਨਾਂ ‘ਚ ਕਮਲਨਾਥ ਤੇ ਜਗਦੀਸ਼ ਟਾਇਟਲਰ ਵੀ ਹੈ ਨੂੰ ਸਜ਼ਾ ਦਿਵਾ ਕੇ ਰਹਾਂਗੇ।

            ਇਹ ਵਿਚਾਰ ਉਹਨਾਂ ਨੇ ਇਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕਤਲੇਆਮ ਦੀਆਂ ਪੀੜ੍ਹਤ ਬੀਬੀਆਂ ਨੂੰ ਪੈਨਸ਼ਨ ਦੇ ਚੈਕੱ ਵੰਡਣ ਉਪਰੰਤ ਪ੍ਰਗਟ ਕੀਤੇ।

            ਸ. ਸਿਰਸਾ ਨੇ ਕਿਹਾ ਕਿ ਜਦੋਂ ਅਸੀਂ ਦਿੱਲੀ ਕਮੇਟੀ ਦੀ ਸੇਵਾ ਸੰਭਾਲੀ ਸੀ ਤਾਂ ਇਹਨਾਂ ਬੀਬੀਆਂ ਦੀਆਂ ਪੈਨਸ਼ਨਾਂ ਮੁੜ ਆਰੰਭ ਕੀਤੀਆਂ ਹਨ।

            ਦਿੱਲੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਬੀਬੀਆਂ ਸਾਡੀਆਂ ਉਹ ਮਾਵਾਂ ਤੇ ਭੈਣਾਂ ਹਨ ਜਿਹਨਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਗਲਾਂ ਵਿਚ ਟਾਇਰ ਪਾ-ਪਾ ਕੇ ਜਿਉਂਦਿਆਂ ਸਾੜਿਆ ਗਿਆ ਸੀ। ਉਹਨਾਂ ਕਿਹਾ ਕਿ ਇਹਨਾਂ ਬੀਬੀਆਂ ਨੇ ਪਿਛਲੇ 34-35 ਸਾਲਾਂ ਤੋਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਜਦੋ ਜਹਿਦ ਕੀਤੀ ਹੈ ਜਿਸਦੇ ਨਤੀਜੇ ਵੱਲੋਂ ਸੱਜਣ ਕੁਮਾਰ, ਯਸ਼ਪਾਲ ਅਤੇ ਨਰੇਸ਼ ਸ਼ਰਾਵਤ ਵਰਗੇ ਸਿੱਖਾਂ ਦੇ ਕਾਤਿਲਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਗਿਆ। ਉਹਨਾਂ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਐਸ.ਆਈ.ਟੀ. ਬਿਠਾ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਈਆਂ ਸਨ ਅਤੇ ਹੁਣ ਮੋਦੀ ਸਰਕਾਰ ਦੇ ਮੁੜ ਆਉਣ ਨਾਲ ਸਾਨੂੰ ਆਸ ਬੱਝੀ ਹੈ ਕਿ ਕਮਲਨਾਥ ਅਤੇ ਜਗਦੀਸ਼ ਟਾਈਟਲਰ ਨੂੰ ਵੀ ਕਤਲੇਆਮ ਕੇਸਾਂ ‘ਚ ਸਜ਼ਾਵਾਂ ਦਿਵਾਈਆਂ ਜਾ ਸਕਣਗੀਆਂ। ਉਹਨਾਂ ਦੱਸਿਆ ਕਿ 572 ਪਰਿਵਾਰਾਂ ਨੂੰ ਚੈਕੱ ਵੰਡੇ ਗਏ ਅਤੇ ਇਹਨਾਂ ਪਰਿਵਾਰਾਂ ਨਾਲ ਅਸੀਂ ਹਮੇਸ਼ਾ ਖੜੇ ਹਾਂ। ਦਿੱਲੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਪਰਿਵਾਰ ਸਾਡੇ ਆਪਣੇ ਪਰਿਵਾਰ ਹਨ ਇਹਨਾਂ ਦਾ ਦੁੱਖ-ਸੁੱਖ ਵੀ ਸਾਡਾ ਹੈ।

            ਇਸ ਮੌਕੇ ਉਹਨਾਂ ਦੇ ਨਾਲ ਚੈਕੱ ਵੰਡਣ ਮੌਕੇ ਕੁਲਵੰਤ ਸਿੰਘ ਬਾਠ ਅਤੇ ਆਤਮ ਸਿੰਘ ਲੁਬਾਣਾ ਅਤੇ ਕਮੇਟੀ ਮੈਂਬਰ ਵੀ ਮੌਜੁਦ ਸਨ।