ਬਰੈਂਪਟਨ ਇੱਕ ਘਰ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਜਿੱਥੇ ਇੱਕ 9 ਐਮਐਮ ਬਰੇਟਾ ਹੈਂਡਗਨ ਬਰਾਮਦ ਕੀਤੀ ਗਈ ਹੈ ਤਾਂ ਉੱਥੇ ਹੀ ਇਸ ਸਬੰਧੀ 8 ਲੋਕਾਂ ‘ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਇਹਨਾਂ ਦੀ ਪਛਾਣ ਜਾਰੀ ਕੀਤੀ ਗਈ ਹੈ ਤੇ ਇਹ ਸਾਰੇ ਪੰਜਾਬੀ ਹਨ।

ਅਸਲ ਦੇ ਵਿੱਚ ਪੀਲ ਰਿਜਨਲ ਪੁਲਿਸ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੂੰ 2 ਅਕਤੂਬਰ ਦੀ ਰਾਤ ਸਥਾਨਕ ਲੋਕਾਂ ਵੱਲੋਂ ਗੋਲੀ ਚੱਲਣ ਦੀ ਘਟਨਾ ਬਾਰੇ ਫੋਨ ਤੇ ਜਾਣਕਾਰੀ ਦਿੱਤੀ ਗਈ ਸੀ ਜਿਸਤੋਂ ਬਾਅਦ ਉਹ ਡੋਨਾਲਡ ਸਟ੍ਰੀਟ ਤੇ ਬ੍ਰਿਸਡੇਲ ਡਰਾਈਵ ਬਰੈਂਪਟਨ ਦੇ ਏਰੀਆ ‘ਚ ਪੁੱਜੇ। ਹਾਲਾਂਕਿ ਮੌਕੇ ਤੇ ਕੋਈ ਜ਼ਖਮੀ ਨਹੀਂ ਸੀ ਪਰ ਪੁਲਿਸ ਨੇ ਜਦ ਘਰ ਦੀ ਤਲਾਸ਼ੀ ਲਈ ਤਾਂ ਉੱਥੇ ਮੌਜੂਦ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੰਗਲਵਾਲ ਨੂੰ ਦਿੱਤੀ ਜਾਣਕਾਰੀ ‘ਚ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਘਰ ਚੋਂ ਤਲਾਸ਼ੀ ਦੌਰਾਨ ਇੱਕ 9 ਐਮਐਮ ਬ੍ਰੇਟਾ ਹੈਂਡਗਨ ਮਿਲੀ ਹੈ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਉਮਰ 19-26 ਸਾਲ ਦੇ ਵਿਚਕਾਰ ਹੈ ਤੇ ਇਹਨਾਂ ਉੱਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ 21 ਸਾਲਾ ਰਾਜਨਦੀਪ ਸਿੰਘ, 22 ਸਾਲਾ ਜਗਦੀਪ ਸਿੰਘ, 19 ਏਕਮਜੋਤ ਰੰਧਾਵਾ, ਮਨਿੰਦਰ ਸਿੰਘ 26, ਹਰਪ੍ਰੀਤ ਸਿੰਘ 23 ਸਾਲ, 22 ਸਾਲਾ ਰਿਪਨਜੋਤ ਸਿੰਘ, 22 ਸਾਲਾ ਜਪਨਦੀਪ ਸਿੰਘ ਤੇ 26 ਸਾਲਾ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਹਨ ਤੇ ਇਹਨਾਂ ਉੱੇਤੇ ਗੋਲੀਬਾਰੀ ਸਬੰਧੀ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਹਨਾਂ ਨੂੰ ਜ਼ਮਾਨਤ ਲਈ ਓਨਟਾਰੀਓ ਕੋਰਟ ਆਫ ਜਸਟਿਸ ਬਰੈਂਪਟਨ ਪੇਸ਼ ਕੀਤਾ ਗਿਆ।

ਉੱਥੇ ਹੀ ਦੂਜੇ ਪਾਸੇ 2020 ਵਿੱਚ ਹਾਈਵੇਅ 10 ਤੇ ਓਲਡ ਲੇਨ ਬੇਸ ਦੇ ਨਜ਼ਦੀਕ ਇੱਕ ਡੰਪ ਟਰੱਕ ਨਾਲ ਜ਼ਬਰਦਸਤ ਸੜਕ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਡੰਪ ਟਰੱਕ ਡਰਾਈਵਰ ਉਪਕਰਨ ਸੰਧੂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਹਾਦਸੇ ਦਾ ਮ੍ਰਿਤਕਾ ਦੇ ਪਰਿਵਾਰ ਤੇ ਕੀ ਅਸਰ ਪਿਆ ਇਸ ਲਈ 29 ਸਤੰਬਰ ਨੂੰ “ਵਿਕਟਿਮ ਇਮਪੈਕਟ ਸਟੇਟਮੈਂਟ” ਅਦਾਲਤ ਵਿੱਚ ਹੋਣੀ ਸੀ ਪਰ ਜਿਸ ਡਰਾਈਵਰ ਨੂੰ ਇਸ ਪੂਰੇ ਹਾਦਸੇ ਲਈ ਜ਼ਿੰਮੇਵਾਰ ਮੰਨਿਆ ਗਿਆ ਓਹੀ ਇਸ ਸਟੇਟਮੈਂਟ ਡੇਅ ਤੇ ਹਾਜ਼ਰ ਨਹੀਂ ਹੋਇਆ। ਇਸ ਮੌਕੇ ਤੇ ਜੱਜ ਸਟੀਫਨ ਬੂਡਾਕੀ ਨੇ ਕਿਹਾ ਕਿ ਇਹ ਅਦਾਲਤ ਅਤੇ ਪੀੜਤ ਪਰਿਵਾਰ ਦਾ ਅਪਮਾਨ ਹੈ। ਜੱਜ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਉਹ ਇਸ ਦਰਦ ਨੂੰ ਮਹਿਸੂਸ ਕਰਨ ਲਈ ਇੱਥੇ ਮੌਜੂਦ ਹੋਵੇ।ਜਿਸਤੋਂ ਬਾਅਦ ਜੱਜ ਨੇ ਸਜ਼ਾ ਦੇਣ ਦਾ ਦਿਨ ਬਦਲ ਕੇ 13 ਅਕਤੂਬਰ ਕਰ ਦਿੱਤਾ ਅਤੇ ਉਪਕਰਨ ਸੰਧੂ ਵਿਰੁੱਧ ਉਸ ਦਿਨ ਅਦਾਲਤ ਵਿੱਚ ਹਾਜ਼ਰ ਹੋਣ ਦੇ ਹੁਕਮ ਵੀ ਜਾਰੀ ਕੀਤੇ। ਇਸਤੋਂ ਪਹਿਲਾਂ ਸਪਰਿੰਗ ਵਿੱਚ ਜੱਜ ਨੇ ਸੰਧੂ ਨੂੰ ਲਾਪਰਵਾਹੀ ਨਾਲ ਡਰਾਈਵਿੰਗ ਕਰਦਿਆਂ ਕਿਸੇ ਦੀ ਜਾਨ ਲੈਣ ਦੇ ਮਾਮਲੇ ਸਣੇ 4 ਹੋਰ ਦੋਸ਼ ਆਇਦ ਕੀਤੇ। ਦੱਸ ਦਈਏ ਕਿ ਹਾਦਸਾ 19 ਅਗਸਤ 2020 ਨੂੰ ਵਾਪਰਿਆ ਸੀ। 50 ਸਾਲਾ ਲੋਪੇਜ਼ ਦੀ ਇਸ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਪੂਰੇ ਮਾਮਲੇ ਦੌਰਾਨ ਨਾ ਤਾਂ ਸੰਧੂ ਨੇ ਕੋਈ ਵਕੀਲ ਕੀਤਾ ਤੇ ਨਾ ਹੀ ਆਪਣੇ ਬਚਾਅ ਵਿੱਚ ਕੁਝ ਬੋਲਿਆ। ਜੱਜ ਨੇ ਕਿਹਾ ਕਿ ਜੇਕਰ ਸੰਧੂ 13 ਅਕਤੂਬਰ ਨੂੰ ਵੀ ਅਦਾਲਤ ਵਿੱਚ ਪੇਸ਼ ਨਹੀਂ ਹੁੰਦਾ ਤਾਂ ਉਸਦੀ ਗੈਰ ਹਾਜ਼ਰੀ ਵਿੱਚ ਹੀ ਸਜ਼ਾ ਸੁਣਾਈ ਜਾਏਗੀ।

ਤੀਜਾ ਮਾਮਲਾ ਸਰੀ ਤੋਂ ਹੈ ਜਿੱਥੇ 3 ਨਵੰਬਰ 2022 ਨੂੰ ਹੋਈ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ ਜਿਸ ਵਿੱਚ 24 ਸਾਲਾ ਨੌਜਵਾਨ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ 24 ਸਾਲਾ ਪਵਨਦੀਪ ਚੋਪੜਾ ਵਜੋਂ ਹੋਈ ਸੀ। ਇਸ ਮਾਮਲੇ ਵਿੱਚ ਲੱਗਭੱਗ ਇੱਕ ਸਾਲ ਬਾਅਦ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ 3 ਸ਼ੱਕੀਆਂ ‘ਤੇ ਫਰਸਟ ਡਿਗਰੀ ਮਰਡਰ ਅਤੇ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਇਹਨਾਂ ਦੀ ਪਛਾਣ ਨੌਰਥ ਯਾਰਕ ਵਾਸੀ 24 ਸਾਲਾ ਲਾਸਕੇਲ ਟਿਨਡੇਲ, ਬਰੈਂਪਟਨ ਵਾਸੀ 22 ਸਾਲਾ ਸੀਗੋਵੀਆ ਸੈਨਹਿਊਜ਼ਾ ਤੇ 25 ਸਾਲਾ ਐਬੋਟਸਫੋਰਡ ਵਾਸੀ ਟੈਰੀ ਮੈਕਡੋਨਲਡ ਵਜੋਂ ਹੋਈ ਹੈ। ਹੋਮਿਸਾਈਡ ਜਾਂਚਕਰਤਾਵਾਂ ਨੇ ਇਸ ਮਾਮਲੇ ਵਿੱਚ ਸਾਥ ਦੇਣ ਲਈ ਸਰੀ ਆਰਸੀਐਮਪੀ, ਵੈਸਟ ਕੇਲੋਨਾ ਆਰਸੀਐਮਪੀ , ਪੀਲ ਰਿਜਨਲ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਸ ਏਜੰਸੀ ਦਾ ਖਾਸ ਤੌਰ ਤੇ ਧਨਵਾਦ ਕੀਤਾ।