ਉੱਘੇ ਗਾਇਕ ਰਵਿੰਦਰ ਗਰੇਵਾਲ ਤੇ ਸਮਾਜਿਕ ਕਾਰਕੁੰਨਾ ਨੇ ਮੋਰਚੇ ‘ਚ ਲਵਾਈ ਹਾਜ਼ਰੀ
ਨਵੀਂ ਦਿੱਲੀ/ਚੰਡੀਗੜ੍ਹ 7 ਦਸੰਬਰ
ਦਿੱਲੀ ਦੇ ਟਿੱਕਰੀ ਬਾਰਡਰ ‘ਤੇ ਲੋਕ ਦੋਖੀ ਖੇਤੀ ਕਾਨੂੰਨ ਰੱਦ ਕਰਾਉਣ ਲਈ ਡਟੇ ਪੰਜਾਬ , ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ 8 ਦਸੰਬਰ ਨੂੰ ਭਾਰਤ ਬੰਦ ਕਰਨ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਤਿੰਨਾਂ ਰਾਜਾਂ ਦੀ ਜ਼ੋਰਦਾਰ ਲਾਮਬੰਦੀ ਕਰਨਗੇ। ਇਹ ਐਲਾਨ ਮੋਰਚਿਆਂ ਚ ਡਟੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਹਰਿਆਣਾ ਦੇ ਕਿਸਾਨ ਮਜ਼ਦੂਰ ਸੰਘਰਸ਼ ਸੰਮਤੀ ਦੇ ਆਗੂ ਸੱਤਿਆਵੀਰ ਸਿੰਘ ਹਿਸਾਰ, ਰਾਜਸਥਾਨ ਦੇ ਆਗੂ ਸੰਤਵੀਰ ਸਿੰਘ ਮੋਹਣਪੁਰਾ ਤੇ ਪੰਜ ਮੈਂਬਰੀ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਗੁਰਬਾਜ਼ ਸਿੰਘ ਵੱਲੋਂ ਕੀਤਾ ਗਿਆ। ਉਹਨਾਂ ਇੱਕਜੁੱਟ ਹੁੰਦਿਆਂ ਆਖਿਆ ਕਿ ਉਹਨਾਂ ਵੱਲੋਂ ਤਿੰਨਾਂ ਸਟੇਟਾਂ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ‘ ਚ ਜ਼ੋਰਦਾਰ ਮੁਹਿੰਮ ਲਾਮਬੰਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਨੂੰਨਾਂ ‘ਚ ਸੋਧਾਂ ਦੀ ਤਜਵੀਜ਼ ਨੂੰ ਪ੍ਰਵਾਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਜਥੇਬੰਦੀਆਂ ਦੀ ਅੜੀ ਦਾ ਮਸਲਾ ਨਹੀਂ ਅਸਲ ਵਿੱਚ ਮੋਦੀ ਸਰਕਾਰ ਵੱਲੋਂ ਕੱਲ੍ਹ ਮੀਟਿੰਗ ਦੌਰਾਨ ਪੇਸ਼ ਕੀਤੀ ਸੋਧਾਂ ਦੀ ਤਜਵੀਜ਼ ਨੂੰ ਪ੍ਰਵਾਨ ਕਰਕੇ ਕਾਨੂੰਨਾਂ ਨੂੰ ਮਾਨਤਾ ਦੇਣ ਦਾ ਮਤਲਬ ਮੰਡੀਕਰਨ ਦੇ ਸਮੁੱਚੇ ਢਾਂਚੇ ਨੂੰ ਕਾਰਪੋਰੇਟ ਘਰਾਣਿਆਂ ਲਈ ਖੋਹਲਣ ਦੀ ਪ੍ਰਵਾਨਗੀ ਦੇਣਾ ਹੈ । ਉਹਨਾਂ ਆਖਿਆ ਕਿ ਇਹਨਾਂ ਕਾਨੂੰਨਾਂ ਨੂੰ ਪ੍ਰਵਾਨਗੀ ਕਿਸਾਨਾਂ ਤੇ ਲੋਕਾਂ ਦੇ ਹਿੱਤਾਂ ਨੂੰ ਗਹਿਣੇ ਪਾਉਣ ਦੇ ਬਰਾਬਰ ਹੈ ਜਿਸਨੂੰ ਕਦਾਚਿੱਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੀਕੇਯੂ ਏਕਤਾ ਉਗਰਾਹਾਂ ਦੇ ਮਹਿਲਾ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਲੌਂਗੋਵਾਲ,ਜਨਕ ਸਿੰਘ ਭੁਟਾਲ, ਮਨਜੀਤ ਸਿੰਘ ਨਿਆਲ, ਹਰਿਆਣਾ ਦੇ ਕਿਸਾਨ ਆਗੂ ਪ੍ਰੇਮ ਸ਼ਰਮਾ , ਰਾਕੇਸ਼ ਖ਼ਾਸਾ ਤੇ ਸੁਸ਼ੀਲਾ ਕੁਮਾਰੀ, ਪੰਜ ਮੈਂਬਰੀ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਦੀਪ ਸਿੰਘ ਜੌੜਾ ਵੱਲੋਂ ਇਸ ਮੋਰਚੇ ‘ਚ ਸਥਾਪਤ ਕੀਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਨਗਰ,ਚਾਚਾ ਅਜੀਤ ਸਿੰਘ ਨਗਰ, ਗ਼ਦਰੀ ਗੁਲਾਬ ਕੌਰ ਨਗਰ, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਨਗਰਾਂ ‘ਚ ਲੱਗੀਆਂ ਪੰਜ ਸਟੇਜਾਂ ਤੋਂ ਰੋਹ ਭਰਪੂਰ ਤਕਰੀਰਾਂ ਕੀਤੀਆਂ ਗਈਆਂ। ਉਹਨਾਂ ਆਖਿਆ ਕਿ ਭਾਵੇਂ ਇਸ ਸੰਘਰਸ਼ ਨੂੰ ਉਭਾਰਨ ‘ਚ ਪੰਜਾਬ ਦੇ ਕਿਸਾਨਾਂ ਵੱਲੋਂ ਪਹਿਲਕਦਮੀ ਕਰਦਿਆਂ ਸ਼ਾਨਦਾਰ ਭੂਮਿਕਾ ਨਿਭਾਈ ਗਈ ਹੈ ਪਰ ਹੁਣ ਇਹ ਘੋਲ਼ ਹਰਿਆਣਾ, ਰਾਜਸਥਾਨ,ਯੂ ਪੀ ਤੇ ਮੱਧ ਪ੍ਰਦੇਸ ਸਮੇਤ ਸਮੁੱਚੇ ਮੁਲਕ ਦੇ ਕਿਸਾਨਾਂ ਦੇ ਘੋਲ ‘ਚ ਵਟ ਗਿਆ ਹੈ। ਉਹਨਾਂ ਸਮੂਹ ਕਿਸਾਨਾਂ,ਖੇਤ ਮਜ਼ਦੂਰਾਂ, ਦੁਕਾਨਦਾਰਾਂ, ਵਪਾਰੀਆਂ ਤੇ ਹੋਰਨਾਂ ਕਾਰੋਬਾਰੀਆਂ ਨੂੰ ਸੱਦਾ ਦਿੱਤਾ ਕਿ ਉਹ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਅੱਗੇ ਆਉਣ।
ਵਰਨਣਯੋਗ ਹੈ ਕਿ ਇਹਨਾਂ ਸਟੇਜਾਂ ਤੋਂ ਅੱਜ ਉੱਘੇ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਆਪਣੀ ਭਾਵਪੂਰਤ ਤਕਰੀਰ ਤੇ ਗੀਤਾਂ ਰਾਹੀਂ ਮੋਰਚੇ ‘ਚ ਡਟੇ ਕਿਸਾਨਾਂ ਦੇ ਹੌਸਲੇ ਨੂੰ ਹੋਰ ਬਲ ਬਖਸ਼ਿਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ, ਸਮਾਜਿਕ ਕਾਰਕੁੰਨ ਐਡਵੋਕੇਟ ਦਲਜੀਤ ਸ਼ਾਹੀ , ਡਾਕਟਰ ਨਵਸ਼ਰਨ ਅਤੇ ਜਮਾਤੇ ਇਸਲਾਮੀ ਹਿੰਦ ਦੇ ਆਗੂ ਅਬਦੁੱਲ ਸ਼ਕੂਰ, ਹਰਿਆਣਾ ਦੇ ਪਹਿਲਵਾਨ ਬੁੱਲਟ , ਪੈਪਸੀਕੋ ਯੂਨੀਅਨ ਦੇ ਆਗੂ ਕਿਰਸ਼ਨ ਭੜੋਅ ਵੱਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਸਾਨ ਘੋਲ਼ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ ਗਿਆ।
ਇਸੇ ਦੌਰਾਨ ਅਵਾਮ ਰੰਗਮੰਚ ਸਿਹੋੜਾ , ਲੁਧਿਆਣਾ ( ਪਲਸ ਮੰਚ) ਵੱਲੋਂ ਸ਼ਾਇਰੀ ਤੇ ਹੈਪੀ ਸਿਹੋੜਾ ਦੀ ਨਿਰਦੇਸ਼ਨਾ ਹੇਠ ਨਾਟਕ “ਅਸੀਂ ਅੰਨ ਦਾਤੇ ਹੁੰਨੇ ਆ “ਤੇ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਦੇ ਕਲਾਕਾਰਾਂ ਵੱਲੋਂ ਨਾਟਕ “ਲੀਰਾਂ ” ਖੇਡਿਆ ਗਿਆ।