ਓਟਵਾ, 20 ਜੁਲਾਈ :ਸਿਰਫ 23 ਫੀ ਸਦੀ ਤੋਂ ਵੀ ਘੱਟ ਕੈਨੇਡੀਅਨ ਇਹ ਮੰਨਦੇ ਹਨ ਕਿ ਫੈਡਰਲ ਸਰਕਾਰ ਅਹਿਮ ਮੁੱਦਿਆਂ ਜਾਂ ਸਹੀ ਥਾਂ ਉੱਤੇ ਪੈਸੇ ਖਰਚ ਰਹੀ ਹੈ। ਇਹ ਖੁਲਾਸਾ ਇਪਸੌਸ ਵੱਲੋਂ ਕਰਵਾਏ ਗਏ ਸਰਵੇਖਣ ਤੋਂ ਹੋਇਆ।
ਇਹ ਸਰਵੇਖਣ ਮਾਂਟਰੀਅਲ ਦੇ ਇਕਨੌਮਿਕ ਇੰਸਟੀਚਿਊਟ ਦੇ ਪੱਖ ਉੱਤੇ ਕਰਵਾਇਆ ਗਿਆ। ਇਸ ਵਿੱਚ ਪਾਇਆ ਗਿਆ ਕਿ 64 ਫੀ ਸਦੀ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰ ਦੇਸ਼ ਨੂੰ ਦਰਪੇਸ਼ ਅਹਿਮ ਸਮੱਸਿਆਵਾਂ ਨੂੰ ਹੱਲ ਕਰਨ ਲਈ ਫੰਡ ਜਾਰੀ ਕਰਨ ਦੀ ਥਾਂ ਖਾਹਮਖਾਹ ਦੇ ਮੁੱਦਿਆਂ ਉੱਤੇ ਪੈਸੇ ਰੋੜ੍ਹ ਰਹੀ ਹੈ ਜਦਕਿ 13 ਫੀ ਸਦੀ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਸਪਸ਼ਟ ਜਾਣਕਾਰੀ ਨਹੀਂ ਤੇ ਉਨ੍ਹਾਂ ਵੱਲੋਂ ਇਨ੍ਹਾ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਮਨ੍ਹਾਂ ਕਰ ਦਿੱਤਾ ਗਿਆ।
55 ਫੀ ਸਦੀ ਕੈਨੇਡੀਅਨਜ਼ ਦਾ ਮੰਨਣਾ ਹੈ ਕਿ ਸਰਕਾਰ ਬਹੁਤ ਜਿ਼ਆਦਾ ਪੈਸੇ ਖਰਚ ਰਹੀ ਹੈ ਜਦਕਿ 27 ਫੀ ਸਦੀ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਖਰਚੇ ਸਵੀਕਾਰਯੋਗ ਹਨ। ਸਿਰਫ ਨੌਂ ਫੀ ਸਦੀ ਕੈਨੇਡੀਅਨਜ਼ ਨੇ ਆਖਿਆ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਖਰਚੇ ਕਾਫੀ ਘੱਟ ਹਨ, ਬਾਕੀ ਨੌਂ ਫੀ ਸਦੀ ਨੇ ਜਵਾਬ ਦੇਣਾ ਸਹੀ ਨਹੀਂ ਸਮਝਿਆ।ਜਿਨ੍ਹਾਂ 67 ਫੀ ਸਦੀ ਲੋਕਾਂ ਉੱਤੇ ਸਰਵੇਖਣ ਕੀਤਾ ਗਿਆ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਵੱਲੋਂ ਹੱਦੋਂ ਵੱਧ ਇਨਕਮ ਟੈਕਸ ਭਰਿਆ ਜਾ ਰਿਹਾ ਹੈ ਜਦਕਿ ਸਿਰਫ ਇੱਕ ਫੀ ਸਦੀ ਦਾ ਇਹ ਮੰਨਣਾ ਹੈ ਕਿ ਉਹ ਕਾਫੀ ਇਨਕਮ ਟੈਕਸ ਨਹੀਂ ਭਰ ਰਹੇ। ਇਪਸੌਸ ਅਨੁਸਾਰ 65 ਫੀ ਸਦੀ ਪੁਰਸ਼ਾਂ ਤੇ 70 ਫੀ ਸਦੀ ਮਹਿਲਾਵਾਂ ਦਾ ਇਹ ਮੰਨਣਾ ਹੈ ਕਿ ਉਨ੍ਹਾਂ ਵੱਲੋਂ ਭਰੇ ਜਾਣ ਵਾਲੇ ਇਨਕਮ ਟੈਕਸ ਦੀ ਰਕਮ ਕਾਫੀ ਜਿ਼ਆਦਾ ਹੈ। 55 ਤੇ ਇਸ ਤੋਂ ਵੱਧ ਉਮਰ ਦੇ 63 ਫੀ ਸਦੀ ਲੋਕਾਂ ਦੇ ਮੁਕਾਬਲੇ 72 ਫੀ ਸਦੀ 18 ਤੋਂ 34 ਸਾਲ ਉਮਰ ਵਰਗ ਦੇ ਕੈਨੇਡੀਅਨਜ਼ ਦਾ ਮੰਨਣਾ ਹੈ ਕਿ ਟੈਕਸ ਕਾਫੀ ਜਿ਼ਆਦਾ ਹਨ।
ਇਸ ਤੋਂ ਇਲਾਵਾ ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ 63 ਫੀ ਸਦੀ ਕੈਨੇਡੀਅਨ ਸਰਕਾਰ ਦੇ ਖਰਚਾ ਕਰਨ ਦੇ ਰੁਝਾਨ ਦੇ ਨਾਲ ਨਾਲ ਜਵਾਬਦੇਹੀ ਤੇ ਪਾਰਦਰਸ਼ਤਾ ਦੀ ਘਾਟ ਕਾਰਨ ਸਰਕਾਰ ਤੋਂ ਨਾਖੁਸ਼ ਹਨ।ਦੂਜੇ ਪਾਸੇ 31 ਫੀ ਸਦੀ ਦਾ ਕਹਿਣਾ ਹੈ ਕਿ ਉਹ ਸੰਤੁਸ਼ਟ ਹਨ। ਇਸ ਦੌਰਾਨ 41 ਫੀ ਸਦੀ ਲੋਕਾਂ ਨੇ ਆਖਿਆ ਕਿ ਉਹ ਕਾਰਬਨ ਪ੍ਰਾਈਸਿੰਗ ਦਾ ਸਮਰਥਨ ਕਰਦੇ ਹਨ ਜਦਕਿ 45 ਫੀ ਸਦੀ ਨੇ ਆਖਿਆ ਕਿ ਉਹ ਇਸ ਦੇ ਵਿਰੋਧ ਵਿੱਚ ਹਨ।ਹਰ ਦਸ ਵਿੱਚੋਂ ਛੇ ਕੈਨੇਡੀਅਨਜ਼ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਸ਼ਾਹ ਖਰਚੀ ਕਾਰਨ ਹੀ ਮਹਿੰਗਾਈ ਵਿੱਚ ਵਾਧਾ ਹੋਇਆ ਹੈ ਜਦਕਿ 26 ਫੀ ਸਦੀ ਇਸ ਨਾਲ ਸਹਿਮਤ ਨਹੀਂ ਹਨ।