ਟੋਰਾਂਟੋ : ਕੈਨੇਡਾ ਪੁੱਜ ਰਹੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੀਆਂ ਕਨਸੋਆਂ ਦਰਮਿਆਨ ਇੰਮੀਗ੍ਰੇਸ਼ਨ ਵਿਭਾਗ ਦਾ ਹੈਰਾਨਕੁੰਨ ਅੰਕੜਾ ਸਾਹਮਣੇ ਆਇਆ ਹੈ ਜਿਸ ਮੁਤਾਬਕ 2023 ਦੌਰਾਨ 62 ਹਜ਼ਾਰ ਤੋਂ ਵੱਧ ਕੌਮਾਂਤਰੀ ਵਿਦਿਆਰਥੀ ਪਰਮਾਨੈਂਟ ਰੈਜ਼ੀਡੈਂਟ ਬਣ ਗਏ। ਇਹ ਅੰਕੜਾ 2022 ਦੇ ਮੁਕਾਬਲੇ ਤਕਰੀਬਨ 10 ਹਜ਼ਾਰ ਵੱਧ ਬਣਦਾ ਹੈ ਜਦੋਂ 52 ਹਜ਼ਾਰ 740 ਕੌਮਾਂਤਰੀ ਵਿਦਿਆਰਥੀਆਂ ਨੇ ਕੈਨੇਡੀਅਨ ਪੀ.ਆਰ. ਹਾਸਲ ਕੀਤੀ ਸੀ।
ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਅੰਕੜਿਆਂ ਮੁਤਾਬਕ 2023 ਦੌਰਾਨ ਕੈਨੇਡਾ ਵਿਚ ਭਾਰਤ ਨਾਲ ਸਬੰਧਤ ਨਵੇਂ ਪ੍ਰਵਾਸੀਆਂ ਅਤੇ ਵਿਦਿਆਰਥੀਆਂ ਦੀ ਗਿਣਤੀ 3 ਲੱਖ 30 ਹਜ਼ਾਰ ਦਰਜ ਕੀਤੀ ਗਈ। ਕੈਨੇਡੀਅਨ ਵਸੋਂ ਵਿਚ ਹੋ ਰਹੇ ਤੇਜ਼ ਵਾਧੇ ਪਿੱਛੇ ਪ੍ਰਮੁੱਖ ਯੋਗਦਾਨ ਕੌਮਾਂਤਰੀ ਵਿਦਿਆਰਥੀਆਂ ਅਤੇ ਕੱਚੇ ਤੌਰ ’ਤੇ ਆਉਣ ਵਾਲੇ ਪ੍ਰਵਾਸੀਆਂ ਦਾ ਮੰਨਿਆ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਮੁਲਕ ਵਿਚ ਹਾਊਸਿੰਗ ਸੰਕਟ ਪੈਦਾ ਹੋਇਆ। ਹੁਣ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਕੌਮਾਂਤਰੀ ਵਿਦਿਆਰਥੀਆਂ ਅਤੇ ਵਿਜ਼ਟਰ ਵੀਜ਼ਾ ’ਤੇ ਆਉਣ ਵਾਲਿਆਂ ਦੀ ਗਿਣਤੀ ਘਟਾਉਣ ਵੱਲ ਇਸ਼ਾਰਾ ਕਰ ਰਹੇ ਹਨ ਪਰ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਅਜਿਹਾ ਕੋਈ ਵੀ ਕਦਮ ਕੈਨੇਡਾ ਦੀ ਆਰਥਿਕਤਾ ਨੂੰ ਵੱਡੇ ਸੰਕਟ ਵਿਚ ਫਸਾ ਦੇਵੇਗਾ।