ਬਰੈਂਪਟਨ : ਬਰੈਂਪਟਨ ਦੇ ਛੇ ਸਕੂਲਾਂ ਨੂੰ ਆਨਲਾਈਨ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਆਰੰਭੀ ਗਈ ਹੈ। ਪੁਲਿਸ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਆਈ ਧਮਕੀ ਬਾਰੇ ਪਹਿਲੀ ਵਾਰ ਸੋਮਵਾਰ ਨੂੰ ਪਤਾ ਲੱਗਾ ਜਿਸ ਮਗਰੋਂ ਇਸ ਦੀ ਤਸਦੀਕ ਕਰਨ ਅਤੇ ਭੇਜਣ ਵਾਲਿਆਂ ਦੀ ਪਛਾਣ ਕਰਨ ਦਾ ਸਿਲਸਿਲਾ ਆਰੰਭਿਆ ਗਿਆ। ਪੁਲਿਸ ਵੱਲੋਂ ਧਮਕੀ ਵਾਲੀ ਪੋਸਟ ਦੇ ਵਿਸਤਾਰਤ ਵੇਰਵੇ ਨਹੀਂ ਦਿਤੇ ਗਏ ਅਤੇ ਸਿਰਫ ਐਨਾ ਦੱਸਿਆ ਕਿ ਛੇ ਸਕੂਲਾਂ ਦਾ ਨਾਂ ਲਿਖ ਕੇ ਧਮਕਾਇਆ ਗਿਆ ਹੈ।

ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ ਅਤੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਤੇ ਡਫਰਿਨ ਪੀਲ ਕੈਥੋਲਿਕ ਸਕੂਲ ਬੋਰਡ ਨਾਲ ਤਾਲਮੇਲ ਤਹਿਤ ਕੰਮ ਕੀਤਾ ਜਾ ਰਿਹਾ ਹੈ। ਦੋਹਾਂ ਸਕੂਲ ਬੋਰਡਾਂ ਦੇ ਬੁਲਾਰਿਆਂ ਦਾ ਕਹਿਣਾ ਸੀ ਕਿ ਧਮਕੀ ਵਿਚ ਵੀਰਵਾਰ ਦਾ ਜ਼ਿਕਰ ਕੀਤਾ ਗਿਆ ਹੈ। ਸਕੂਲਾਂ ਦੇ ਦਾਖਲਾ ਗੇਟਾਂ ਦੇ ਨਿਗਰਾਨੀ ਵਧਾ ਦਿਤੀ ਗਈ ਹੈ ਅਤੇ ਹੋਰ ਸੁਰੱਖਿਆ ਉਪਾਅ ਕੀਤੇ ਜਾ ਰਹੇ ਹਨ। ਉਧਰ ਪੁਲਿਸ ਨੇ ਵੀ ਕਿਹਾ ਕਿ ਧਮਕੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸੁਰੱਖਿਆ ਬੰਦੋਬਸਤ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਪੀਲ ਡਿਸਟ੍ਰਿਕਟ ਸਕੂਲ ਬੋਰਡ ਦੀ ਤਰਜਮਾਨ ਮੈਲਨ ਐਡਵਰਡਜ਼ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਮੁੱਖ ਤਰਜੀਹ ਹੈ।

ਹਰ ਸੰਭਾਵਤ ਖਤਰੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਬੋਰਡ ਦੇ ਪ੍ਰੋਟੋਕੌਲ ਲਾਗੂ ਕੀਤੇ ਜਾ ਰਹੇ ਹਨ। ਦੂਜੇ ਪਾਸੇ ਡਫਰਿਨ ਪੀਲ ਕੈਥੋਲਿਕ ਸਕੂਲ ਬੋਰਡ ਦੇ ਬੁਲਾਰੇ ਬਰੂਸ ਕੈਂਪਬੈਲ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਕੋਈ ਬਾਕੀ ਨਹੀਂ ਛੱਡੀ ਗਈ। ਮਾਪਿਆਂ ਅਦੇ ਵਿਦਿਆਰਥੀਆਂ ਨੂੰ ਚੇਤੇ ਕਰਵਾਇਆ ਗਿਆ ਹੈ ਕਿ ਧਮਕੀਆਂ ਦੇਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੇ ਕੋਈ ਵਿਦਿਆਰਥੀ ਇਸ ਮਾਮਲੇ ਵਿਚ ਸ਼ਾਮਲ ਹੈ ਤਾਂ ਸਕੂਲ ਬੋਰਡ ਉਸ ਵਿਰੁੱਧ ਬਣਦੀ ਕਾਰਵਾਈ ਕਰੇਗਾ। ਦੱਸ ਦੇਈਏ ਕਿ ਧਮਕੀ ਵਿਚ ਜਿਹੜੇ ਸਕੂਲਾਂ ਦਾ ਨਾਂ ਲਿਖਿਆ ਗਿਆ ਹੈ, ਉਨ੍ਹਾਂ ਵਿਚ ਨੌਰਥ ਪਾਰਕ ਸੈਕੰਡਰੀ ਸਕੂਲ, ਹੋਲੀ ਨੇਮ ਆਫ ਮੈਰੀ ਕੈਥੋਲਿਕ ਸੈਕੰਡਰੀ ਸਕੂਲ, ਲੂਈਸ ਆਰਬਰ ਸੈਕੰਡਰੀ ਸਕੂਲ, ਬਰੈਮਲੀ ਸੈਕੰਡਰੀ ਸਕੂਲ ਅਤੇ ਨੌਟਰ ਡਾਮ ਸੈਕੰਡਰੀ ਸਕੂਲ ਸ਼ਾਮਲ ਹਨ। ਇਨ੍ਹਾਂ ਸਕੂਲਾਂ ਵਿਚੋਂ ਚਾਰ ਨੂੰ ਬੀਤੇ ਮਾਰਚ ਵਿਚ ਵੀ ਧਮਕੀ ਮਿਲੀ ਸੀ ਅਤੇ ਫਿਲਹਾਲ ਪੁਲਿਸ ਨੇ ਸਪੱਸ਼ਟ ਨਹੀਂ ਕੀਤਾ ਕਿ ਅਤੀਤ ਵਿਚ ਮਿਲੀ ਧਮਕੀ ਅਤੇ ਤਾਜ਼ਾ ਧਮਕੀ ਵਿਚ ਕੋਈ ਆਪਸੀ ਸਬੰਧ ਹੈ।