ਇੰਗਲੈਂਡ ਦੇ ਨਾਟਿੰਘਮ ਕਰਾਊਨ ਕੋਰਟ ਨੇ ਇੱਕ ਫਿਲਮੀ ਅੰਦਾਜ਼ ਵਿਚ 43 ਸਾਲਾ ਵਿਅਕਤੀ (ਪੀੜਤ ਦੀ ਪਹਿਚਾਣ ਗੁਪਤ ਬਾਣੇ ਦਾ ਰੱਖੀ ਗਈ ਹੈ) ਨੂੰ ਅਗਵਾ ਕਰ ਕੇ ਉਸ ਦੇ ਪਰਿਵਾਰ ਪਾਸੋਂ 2.5 ਲੱਖ ਪੌਂਡ ਦੀ ਫਿਰੌਤੀ ਮੰਗਣ ਵਾਲੇ 5 ਪੰਜਾਬੀਆਂ ਸਮੇਤ 6 ਮੈਂਬਰੀ ਗਰੋਹ ਨੂੰ 80 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਕਾਬਪੋਸ਼ ਗਰੋਹ ਦੇ ਮੈਂਬਰਾਂ ਨੇ ਪੀੜਤ ਨੂੰ ਬੇਰਹਿਮੀ ਨਾਲ ਕੁੱਟਿਆ ਤਸੀਹੇ ਦਿੱਤੇ ਅਤੇ ਉਸ ਦੇ ਸਿਰ ‘ਤੇ ਬੰਦੂਕ ਰੱਖ ਉਸ ਦੇ ਪਿਤਾ ਤੋਂ 2.5 ਲੱਖ ਪੌਂਡ ਦੀ ਫਿਰੌਤੀ ਮੰਗੀ ਸੀ। ਪੀੜਤ ਦੇ ਪਿਤਾ ਨੂੰ ਉਸ ਦੇ ਪੁੱਤਰ ਦੀਆਂ ਉਂਗਲਾਂ ਕੱਟ ਦੇਣ ਧਮਕੀਆਂ ਵੀ ਦਿੱਤੀਆਂ।
ਨਾਟਿੰਘਮ ਕਰਾਊਨ ਕੋਰਟ ਨੇ 58 ਸਾਲਾ ਦਰਸ਼ਨ ਰਾਠੂਰ ਨੂੰ 16 ਸਾਲ ਦੀ ਸਜ਼ਾ, 30 ਸਾਲਾ ਸਿਰਵਾਨ ਰਾਠੂਰ ਨੂੰ 13 ਸਾਲ ਦੀ ਸਜ਼ਾ, 34 ਸਾਲਾ ਇੰਦਰਪਾਲ ਸਿੰਘ ਨੂੰ 14 ਸਾਲ ਦੀ ਸਜ਼ਾ, ਜੈਮੀ ਰੈਗੇਟ ਨੂੰ 12 ਸਾਲ ਦੀ ਸਜ਼ਾ, 56 ਸਾਲਾ ਨਰਵੀਰ ਸਿੰਘ ਨੂੰ ਛੇ ਸਾਲ ਦੀ ਸਜ਼ਾ, 39 ਸਾਲਾ ਖਾਲਸਾ ਜੋਗਾ ਦਿਗਪਾਲ ਸਿੰਘ ਨੂੰ 18 ਸਾਲ ਦੀ ਸਜ਼ਾ ਸੁਣਾਈ ਗਈ।
ਦੱਸ ਦੇਈਏ ਕਿ 43 ਸਾਲਾ ਪੀੜਤ ਆਪਣੇ ਪਿਤਾ ਦੇ 60ਵੇਂ ਜਨਮਦਿਨ ਦੇ ਤੋਹਫ਼ੇ ਲਈ ਹਾਲ ਬੁੱਕ ਕਰਨ ਗਿਆ ਸੀ, ਜਿਥੇ ਉਸ ਨੂੰ ਕਾਲੇ ਕੱਪੜੇ ਪਹਿਨੇ ਦੋ ਵਿਅਕਤੀਆਂ ਨੇ ਉਸ ‘ਤੇ ਹਮਲਾ ਕੀਤਾ ਅਤੇ ਫਿਰ ਬੰਧਕ ਬਣਾ ਲਿਆ। ਜਿਸ ਤੋਂ ਉਨ੍ਹਾਂ ਨੇ ਉਸ ਦੀ ਪਤਨੀ ਅਤੇ ਪਿਤਾ ਤੋਂ ਵੱਡੀ ਫਿਰੌਤੀ ਦੀ ਮੰਗ ਕੀਤੀ। ਇਸ ਦੌਰਾਨ ਪੁਲਿਸ ਨੇ ਪੀੜਤ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਅਧਿਕਾਰੀਆਂ ਅਤੇ ਜਾਸੂਸਾਂ ਦੀਆਂ ਸੇਵਾਵਾਂ ਨਾਲ 32 ਘੰਟੇ ਵਿੱਚ ਮਾਮਲਾ ਹੱਲ ਕਰ ਲਿਆ।
ਅਗਵਾਕਾਰ ਪੁਲਿਸ ਨੂੰ ਵੇਖ ਪੀੜਤ ਨੂੰ ਗੌਥੌਰਨ ਸਟ੍ਰੀਟ ਵਿੱਚ ਬਾਹਾਂ ਬੰਨ੍ਹ, ਚਿਹਰੇ ਨੂੰ ਡਕਟ ਟੇਪ ਨਾਲ ਢੱਕਿਆ ਹੋਇਆ ਨੂੰ ਇੱਕ ਵਾਹਨ ਤੋਂ ਬਾਹਰ ਸੁੱਟ ਗਏ। ਜਿਸ ਤੋਂ ਬਾਅਦ ਉਸ ਦਾ ਇਲਾਜ ਕਰਵਾ ਕੇ ਉਸ ਨੂੰ ਘਰ ਭੇਜ ਦਿੱਤਾ ਗਿਆ। ਜਾਸੂਸਾਂ ਨੇ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਲਈ ਆਟੋਮੇਟਿਡ ਨੰਬਰ ਪਲੇਟ ਰੀਕੋਗਨੀਸ਼ਨ ਕੈਮਰਿਆਂ ਰਾਹੀਂ ਫੋਨ ਡਾਟਾ ਦੀ ਵਿਆਪਕ ਪੁੱਛਗਿੱਛ ਅਤੇ ਵਾਹਨਾਂ ਦੀ ਲਗਾਤਾਰ ਗਤੀਵਿਧੀ ‘ਤੇ ਨਜ਼ਰ ਰੱਖ ਕੇ ਸਾਰੇ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ।