ਮਾਨਸਾ, 15 ਨਵੰਬਰ
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਔਰਤਾਂ (25 ਸਾਲ ਉਮਰ ਵਰਗ) ਦਾ ਸ਼ਾਨਦਾਰ ਆਗਾਜ਼ ਅੱਜ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਹੋਇਆ। 17 ਨਵੰਬਰ ਤੱਕ ਹੋਣ ਵਾਲੀਆਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਵਧੀਕ ਮੁੱਖ ਸਕੱਤਰ (ਖੇਡਾਂ ਤੇ ਯੁਵਕ ਸੇਵਾਵਾਂ) ਸੰਜੇ ਕੁਮਾਰ ਨੇ ਕੀਤਾ।
ਇਸ ਦੌਰਾਨ ਸੰਬੋਧਨ ਕਰਦਿਆਂ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਕਿਹਾ ਕਿ ਵੱਡੀ ਗਿਣਤੀ ਖਿਡਾਰਨਾਂ ਦਾ ਇਨ੍ਹਾਂ ਖੇਡਾਂ ਵਿੱਚ ਭਾਗ ਲੈਣਾ ਚੰਗਾ ਸੰਕੇਤ ਹੈ। ਖੇਡਾਂ ਦਾ ਖੇਤਰ ਲੜਕੀਆਂ ਦੀ ਬਹਾਦਰੀ ਅਤੇ ਹਿੰਮਤ ਦਾ ਪ੍ਰਤੀਕ ਹੈ ਜਿਸ ਵਿਚ ਲੜਕੀਆਂ ਨੂੰ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਮੁੱਖ ਮਹਿਮਾਨਾਂ ਅਤੇ ਖਿਡਾਰਨਾਂ ਨੂੰ ਜੀ ਆਇਆਂ ਆਖਦਿਆਂ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਕਿਹਾ ਕਿ ਇਸ ਸਮਾਗਮ ਵਿਚ 22 ਜ਼ਿਲ੍ਹਿਆਂ ਤੋਂ 3600 ਖਿਡਾਰਨਾਂ ਅਤੇ 400 ਕੋਚ 21 ਵੱਖ-ਵੱਖ ਖੇਡਾਂ ਦੇ ਮੁਕਾਬਲਿਆਂ ’ਚ ਭਾਗ ਲੈਣਗੇ। ਇਨ੍ਹਾਂ ਖੇਡਾਂ ਵਿੱਚ ਅਥਲੈਟਿਕਸ, ਤੀਰਅੰਦਾਜ਼ੀ, ਮੁੱਕੇਬਾਜ਼ੀ, ਬਾਸਕਟਬਾਲ, ਬੈਡਮਿੰਟਨ, ਫੁਟਬਾਲ, ਹਾਕੀ, ਹੈਂਡਬਾਲ, ਜੂਡੋ, ਜਿਮਨਾਸਟਿਕ, ਕੁਸ਼ਤੀ, ਟੇਬਲ ਟੈਨਿਸ, ਵਾਲੀਬਾਲ, ਖੋ-ਖੋ, ਤਲਵਾਰਬਾਜ਼ੀ, ਸ਼ਤਰੰਜ, ਤੈਰਾਕੀ, ਵੇਟ ਲਿਫਟਿੰਗ, ਕਬੱਡੀ (ਰਾਸ਼ਟਰੀ ਅਤੇ ਸਰਕਲ ਸਟਾਈਲ) ਸ਼ਾਮਲ ਹਨ। ਖਿਡਾਰਨਾਂ ਨੇ ਮਾਰਚ ਪਾਸਟ ’ਚ ਭਾਗ ਲਿਆ ਤੇ ਮਾਰਚ ਪਾਸਟ ਦੀ ਅਗਵਾਈ ਪੰਜਾਬ ਪੁਲੀਸ ਦੀ ਘੁੜਸਵਾਰ ਟੁਕੜੀ ਨੇ ਕੀਤੀ।
ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਖੇਡਾਂ ਦੀ ਰਸਮੀ ਸ਼ੁਰੂਆਤ ਝੰਡਾ ਲਹਿਰਾ ਕੇ ਕੀਤੀ। ਜੂਡੋ ਵਿੱਚ ਕੌਮੀ ਪੱਧਰ ’ਤੇ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਖਿਡਾਰਨ ਅਮਨਦੀਪ ਕੌਰ ਨੇ ਸਮੂਹ ਖਿਡਾਰੀਆਂ ਨੂੰ ਸਹੁੰ ਚੁਕਾਈ। ਜੂਡੋ ਵਿਚ ਕੌਮੀ ਪੱਧਰ ’ਤੇ ਤਗਮੇ ਜਿੱਤਣ ਵਾਲੀ ਜੀਵਨਜੋਤ ਕੌਰ, ਤਿੰਨ ਵਾਰ ਕੌਮੀ ਪੱਧਰ ’ਤੇ ਅਥਲੈਟਿਕਸ ਵਿਚ ਤਗ਼ਮੇ ਜਿੱਤਣ ਵਾਲੀ ਅਮਨਦੀਪ ਕੌਰ, ਚਾਰ ਵਾਰ ਕੌਮੀ ਖੇਡਾਂ ਵਿੱਚ ਭਾਗ ਲੈਣ ਵਾਲੀ ਫੁਟਬਾਲ ਖਿਡਾਰਨ ਅੰਮ੍ਰਿਤਪਾਲ ਕੌਰ ਅਤੇ ਸਕੂਲ ਪੱਧਰੀ ਕੌਮੀ ਖੇਡਾਂ ’ਚ ਤਗ਼ਮਾ ਜੇਤੂ ਅਤੇ ਬਾਕਸਿੰਗ ਦੇ ਜੂਨੀਅਰ ਨੈਸ਼ਨਲ ਵਿੱਚ ਭਾਗ ਲੈਣ ਵਾਲੀ ਖਿਡਾਰਨ ਇਕਬਾਲ ਕੌਰ ਨੇ ਮਸ਼ਾਲ ਜਗਾਉਣ ਦੀ ਰਸਮ ਅਦਾ ਕੀਤੀ। ਇਸੇ ਤਰਾਂ ਸਾਰੇ ਜ਼ਿਲ੍ਹਿਆਂ ਦੇ ਮਾਰਚ ਪਾਸਟ ਦੀ ਅਗਵਾਈ ਕੌਮੀ ਸਕੂਲ ਖੇਡਾਂ ਵਿਚ ਬਾਸਕਟਬਾਲ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਖਿਡਾਰਨ ਪ੍ਰਭਦੀਪ ਕੌਰ ਨੇ ਕੀਤੀ। ਸਾਰੇ ਖਿਡਾਰੀਆਂ ਵੱਲੋਂ ਖੇਡਾਂ ਨੂੰ ਸੁਚੱਜੇ ਤਰੀਕੇ ਨਾਲ ਖੇਡਣ ਦੀ ਸਹੁੰ ਚੁੱਕੀ ਗਈ। ਪੰਜਾਬੀ ਗਾਇਕ ਰਣਜੀਤ ਬਾਵਾ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ।