ਚੰਡੀਗੜ, 30 ਸਤੰਬਰ:

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣ ਵਾਲੇ ਸਮਾਗਮਾਂ ਨੂੰ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਉਣ ਲਈ ਪੰਜਾਬ ਨੇ ਤਿਆਰੀਆਂ ਖਿੱਚ ਲਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਵਿਦੇਸ਼ਾਂ ’ਚ ਪੰਜਾਬੀ ਵਸੋਂ ਵਾਲੇ ਮੁਲਕਾਂ ਤੋਂ ਅੰਮਿ੍ਰਤਸਰ ਲਈ ਹੋਰ ਉਡਾਨਾਂ ਸ਼ੁਰੂ ਕਰਨ ਦੀ ਵੀ ਮੰਗ ਕੀਤੀ।

ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਪੱਤਰ ਲਿਖ ਕੇ ਏਅਰ ਇੰਡੀਆ ਵਰਗੀਆਂ ਕੌਮਾਂਤਰੀ ਏਅਰਲਾਈਨਾਂ ਨੂੰ ਅੰਮਿ੍ਰਤਸਰ ਲਈ ਹੋਰ ਵਿਸ਼ੇਸ਼ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕਰਨ ਲਈ ਜ਼ੋਰ ਪਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਇਸ ਇਤਿਹਾਸਕ ਮੌਕੇ ’ਤੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਕਰਨ ਦੀ ਸਹੂਲਤ ਮਿਲ ਸਕੇ।

ਆਪਣੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਗੁਰਪੁਰਬ ਸਮਾਗਮਾਂ ਦੌਰਾਨ ਇੰਗਲੈਂਡ, ਕੈਨੇਡਾ, ਅਮਰੀਕਾ, ਜਰਮਨੀ ਤੋਂ ਇਲਾਵਾ ਇਟਲੀ, ਅਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਤੋਂ ਹੋਰ ਉਡਾਨਾਂ ਸ਼ੁਰੂ ਕੀਤੀਆਂ ਜਾਣ ਜਿਸ ਨਾਲ ਦੁਨੀਆ ਭਰ ਤੋਂ ਸ਼ਰਧਾਲੂ ਪੰਜਾਬ ਆ ਕੇ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਨਤਮਸਤਕ ਹੋਣ ਤੋਂ ਇਲਾਵਾ ਹੋਰ ਧਾਰਮਿਕ ਅਸਥਾਨਾਂ ਦੇ ਵੀ ਦਰਸ਼ਨ ਕਰ ਸਕਣਗੇ।

12 ਨਵੰਬਰ, 2019 ਨੂੰ ਮਨਾਏ ਜਾ ਰਹੇ ਗੁਰਪੁਰਬ ਮੌਕੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵਿੱਚ ਪਾਏ ਜਾ ਰਹੇ ਉਤਸ਼ਾਹ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ,‘‘ਅਸੀਂ ਸਾਰੇ ਬਹੁਤ ਭਾਗਾਂ ਵਾਲੇ ਹਾਂ ਜਿਨਾਂ ਨੂੰ ਆਪਣੇ ਜੀਵਨ ਵਿੱਚ ਇਸ ਪਵਿੱਤਰ ਮੌਕੇ ਦਾ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਇੱਥੋਂ ਦੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਪੂਰੀ ਤਰਾਂ ਤਿਆਰ ਹਨ। ਉਨਾਂ ਕਿਹਾ ਕਿ ਇਸ ਮੌਕੇ ’ਤੇ ਵੱਖ-ਵੱਖ ਪ੍ਰੋਗਰਾਮਾਂ ਉਲੀਕਣ ਤੋਂ ਇਲਾਵਾ ਬੁਨਿਆਦੀ ਢਾਂਚਾ ਅਤੇ ਵਿਕਾਸ ਪ੍ਰੋਜੈਕਟ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਜਾ ਰਹੇ ਹਨ।

ਇਸੇ ਦੌਰਾਨ ਮੁੱਖ ਮੰਤਰੀ ਨੇ 1 ਨਵੰਬਰ ਤੋਂ 15 ਨਵੰਬਰ ਤੱਕ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਤੇ ਹੋਰ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਨੂੰ ਹਦਾਇਤ ਕੀਤੀ ਕਿ ਗੁਰਪੁਰਬ ਮਨਾਏ ਜਾਣ ਵਾਲੇ ਸਮੇਂ ਦੌਰਾਨ ਸੂਬਾ ਸਰਕਾਰ ਦੀ ਸਾਰੀ ਸਟੇਸ਼ਨਰੀ ’ਤੇ 550 ਸਾਲਾ ਪ੍ਰਕਾਸ਼ ਪੁਰਬ ਦਾ ਸਰਕਾਰੀ ਲੋਗੋ ਲਾਉਣ ਲਈ ਸਮੂਹ ਵਿਭਾਗਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ।

ਉੱਚ ਪੱਧਰੀ ਜਾਇਜ਼ਾ ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ 4 ਅਕਤੂਬਰ ਨੂੰ ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਪਹਿਲੀ ਵਾਰ ਪਹੁੰਚਣ ਵਾਲੀ ਸਪੈਸ਼ਲ ਇੰਟਰਸਿਟੀ ਐਕਸਪ੍ਰੈਸ ਰੇਲ ਦਾ ਮੰਤਰੀਆਂ ਦੇ ਸਮੂਹ, ਸੰਸਦ ਮੈਂਬਰ ਅਤੇ ਦੋਆਬਾ ਇਲਾਕੇ ਦੇ ਵਿਧਾਇਕਾਂ ਵੱਲੋਂ ਸਾਂਝੇ ਤੌਰ ’ਤੇ ਸਵਾਗਤ ਕੀਤਾ ਜਾਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ ਮੁੱਖ ਸਮਾਗਮ ਪਵਿੱਤਰ ਨਗਰਾਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਅੰਮਿ੍ਰਤਸਰ ਵਿਖੇ ਹੋਣਗੇ। ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਚੰਡੀਗੜ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ, ਸਦਭਾਵਨਾ ਅਤੇ ਮਨੁੱਖੀ ਖੁਸ਼ਹਾਲੀ ਦੇ ਫਲਸਫ਼ੇ ’ਤੇ ਕੌਮਾਂਤਰੀ ਕਾਨਫਰੰਸ ਹੋਵੇਗੀ।

ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਨੇ ਸੰਗਤ ਦੀ ਸਹੂਲਤ ਲਈ ਇਕ ਵਿਸਤਿ੍ਰਤ ਯੋਜਨਾ ਉਲੀਕਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਸ਼ਰਧਾਲੂਆਂ ਨੂੰ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੱਖ ਸਮਾਗਮ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ ਅਤੇ ਮੁੱਖ ਪੰਡਾਲ ਨੇੜੇ ਹੋਣ ਵਾਲੇ ਮਲਟੀਮੀਡੀਆ ਅਤੇ ਸਾਊਂਡ ਸ਼ੋਅ 15 ਨਵੰਬਰ ਤੱਕ ਚਲਦੇ ਰਹਿਣਗੇ।

ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ 1 ਤੋਂ 3 ਨਵੰਬਰ ਨੂੰ ਡਿਜੀਟਲ ਮਿਊਜ਼ਿਅਮ ਖਿੱਚ ਦਾ ਕੇਂਦਰ ਹੋਵੇਗਾ ਅਤੇ ਇਸ ਦੇ ਨਾਲ ਸੁਲਤਾਨਪੁਰ ਲੋਧੀ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਵੀ ਕਰਵਾਏ ਜਾਣਗੇ। 4 ਨਵੰਬਰ ਦੀ ਸ਼ਾਮ ਨੂੰ ਸੁਲਤਾਨਪੁਰ ਲੋਧੀ ਵਿਖੇ ਮਲਟੀ ਮੀਡੀਆ, ਲਾਈਟ ਐਂਡ ਸਾਊਂਡ ਸ਼ੋਅ ਦਾ ਉਦਘਾਟਨ ਹੋਵੇਗਾ ਜਦਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪ੍ਰਦਰਸ਼ਨੀਆਂ ਤੋਂ ਇਲਾਵਾ ਦਸਤਕਾਰੀ ਨੁਮਾਇਸ਼ਾਂ ਦਾ ਉਦਘਾਟਨ 5 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਮੁੱਖ ਪੰਡਾਲ ਦੇ ਨੇੜੇ ਹੋਵੇਗਾ।

ਇਸੇ ਤਰਾਂ 7 ਨਵੰਬਰ ਨੂੰ ਚੰਡੀਗੜ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ, ਸਦਭਾਵਨਾ ਅਤੇ ਮਨੁੱਖੀ ਖੁਸ਼ਹਾਲੀ ਦੇ ਫਲਸਫ਼ੇ ’ਤੇ ਕੌਮਾਂਤਰੀ ਕਾਨਫਰੰਸ ਹੋਵੇਗੀ ਜਦਕਿ ਇਸੇ ਦਿਨ ਹੀ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਮਲਟੀਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ। 8 ਨਵੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨੈਸ਼ਨਲ ਇੰਸਟੀਚਿਊਟ ਆਫ ਇੰਟਰ-ਫੇਥ ਸਟਡੀਜ਼ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਅਤੇ ਇਸੇ ਯੂਨੀਵਰਸਿਟੀ ਵਿੱਚ ਏਕ-ਨੂਰ ਅੰਤਰ ਧਰਮ ਸੰਮੇਲਨ ਵੀ ਕਰਵਾਇਆ ਜਾਵੇਗਾ।

ਇਸੇ ਦਿਨ ਹੀ ਡੇਰਾ ਬਾਬਾ ਨਾਨਕ ਵਿਖੇ ਗੁਰੂ ਨਾਨਕ ਦੇਵ ਜੀ ਉਤਸਵ ਦਾ ਉਦਘਾਟਨ ਹੋਵੇਗਾ ਜਿਸ ਤੋਂ ਬਾਅਦ ਲਾਈਟ ਐਂਡ ਸਾਊਂਡ ਸ਼ੋਅ, ਗੁਰੂ ਨਾਨਕ ਸਾਹਿਤ ਉਤਸਵ, ਗੁਰੂ ਨਾਨਕ ਕਲਾ ਉਤਸਵ ਅਤੇ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਗੁਰੂ ਨਾਨਕ ਕਵੀ ਦਰਬਾਰ, ਗੁਰੂ ਨਾਨਕ ਰੰਗਮੰਚ ਉਤਸਵ ਅਤੇ ਗੁਰੂ ਨਾਨਕ ਫਿਲਮ ਉਤਸਵ ਹੋਣਗੇ।

ਬੁਲਾਰੇ ਨੇ ਦੱਸਿਆ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਖੁੱਲਣ ਤੋਂ ਬਾਅਦ ਮੁੱਖ ਮੰਤਰੀ ਕਪੂਰਥਲਾ ਵਿੱਚ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ 550 ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨਗੇ। ਇਸੇ ਤਰਾਂ 10 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਗੁਰੂ ਨਾਨਕ ਸਾਹਿਤ ਉਤਸਵ ਅਤੇ ਹੋਰ ਵੱਡੇ ਸਮਾਗਮ ਕਰਵਾਏ ਜਾਣਗੇ।

ਮੁੱਖ ਮੰਤਰੀ ਨੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ-ਸਪਾਟਾ ਦੇ ਪ੍ਰਮੁੱਖ ਸਕੱਤਰ ਨੂੰ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਸਥਾਪਤ ਕੀਤੇ ਜਾ ਰਹੇ ਵੱਖ-ਵੱਖ ਪੰਡਾਲਾਂ ਦੇ ਨਾਵਾਂ ਨੂੰ ਵੀ ਅੰਤਿਮ ਰੂਪ ਦੇਣ ਦੀ ਹਦਾਇਤ ਕੀਤੀ।

ਮੀਟਿੰਗ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉੱਚ ਸਿੱਖਿਆ ਮੰਤਰੀ ਓ.ਪੀ ਸੋਨੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਗ੍ਰਹਿ ਸਤੀਸ਼ ਚੰਦਰਾ, ਡੀਜੀਪੀ ਦਿਨਕਰ ਗੁਪਤਾ, ਡੀਜੀਪੀ ਇੰਟੈਲੀਜੈਂਸ ਵੀ.ਕੇ. ਭਾਵਰਾ, ਪ੍ਰਮੁੱਖ ਸਕੱਤਰ ਸੈਰ ਸਪਾਟਾ ਵਿਕਾਸ ਪ੍ਰਤਾਪ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਡਾਇਰੈਕਟਰ ਸੈਰ ਸਪਾਟਾ ਐਮ.ਐੱਸ. ਜੱਗੀ. ਹਾਜ਼ਰ ਸਨ।