ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਐਲਨ ਮਸਕ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ ਜਿਨ੍ਹਾਂ ਦੀ ਕੁੱਲ ਜਾਇਦਾਦ 500 ਬਿਲੀਅਨ ਡਾਲਰ ਹੈ, ਇਹ ਟੇਸਲਾ ਦੇ ਸ਼ੇਅਰਾਂ ਵਿੱਚ ਵਾਧੇ ਅਤੇ ਉਨ੍ਹਾਂ ਦੀਆਂ ਹੋਰ ਤਕਨੀਕੀ ਕੰਪਨੀਆਂ ਦੇ ਤੇਜ਼ੀ ਨਾਲ ਵਧ ਰਹੇ ਮੁੱਲਾਂਕਣ ਦੇ ਕਾਰਨ ਹੈ। ਫੋਰਬਸ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ, ਬੁੱਧਵਾਰ ਸ਼ਾਮ 4:15 ਵਜੇ (IST) ਤੱਕ ਮਸਕ ਦੀ ਦੌਲਤ 500.1 ਬਿਲੀਅਨਡਾਲਰ ਸੀ।
ਮਸਕ ਦੀ ਦੌਲਤ ਦਾ ਇੱਕ ਮਹੱਤਵਪੂਰਨ ਹਿੱਸਾ ਟੇਸਲਾ ਨਾਲ ਜੁੜਿਆ ਹੋਇਆ ਹੈ। 15 ਸਤੰਬਰ ਤੱਕ, ਉਹ ਟੇਸਲਾ ਦੇ 12.4% ਤੋਂ ਵੱਧ ਸ਼ੇਅਰਾਂ ਦੇ ਮਾਲਕ ਸਨ। ਇਸ ਸਾਲ ਹੁਣ ਤੱਕ ਟੇਸਲਾ ਦੇ ਸ਼ੇਅਰ 14 ਪ੍ਰਤੀਸ਼ਤ ਤੋਂ ਵੱਧ ਵਧੇ ਹਨ ਅਤੇ ਬੁੱਧਵਾਰ ਨੂੰ 3.3 ਪ੍ਰਤੀਸ਼ਤ ਹੋਰ ਵਧੇ ਹਨ, ਜਿਸ ਨਾਲ ਇੱਕ ਦਿਨ ਵਿੱਚ ਮਸਕ ਦੀ ਦੌਲਤ ਵਿੱਚ 6 ਬਿਲੀਅਨ ਡਾਲਰ ਤੋਂ ਵੱਧ ਦਾ ਵਾਧਾ ਹੋਇਆ ਹੈ। ਸਾਲ ਦੀ ਸ਼ੁਰੂਆਤ ਵਿੱਚ ਟੇਸਲਾ ਦੇ ਸ਼ੇਅਰ ਡਿੱਗ ਗਏ ਸਨ, ਪਰ ਹੁਣ ਉਨ੍ਹਾਂ ਵਿੱਚ ਤੇਜ਼ੀ ਆਈ ਹੈ। ਨਿਵੇਸ਼ਕਾਂ ਦਾ ਵਿਸ਼ਵਾਸ ਵਧਿਆ ਹੈ ਕਿਉਂਕਿ ਮਸਕ ਨੇ ਦੁਬਾਰਾ ਆਪਣੇ ਕਾਰੋਬਾਰ ‘ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ।
ਟੇਸਲਾ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਚੇਅਰਵੁਮੈਨ, ਰੌਬਿਨ ਡੇਨਹੋਮ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਵ੍ਹਾਈਟ ਹਾਊਸ ਦੀਆਂ ਡਿਊਟੀਆਂ ਵਿੱਚ ਕਈ ਮਹੀਨੇ ਬਿਤਾਉਣ ਤੋਂ ਬਾਅਦ ਮਸਕ ਹੁਣ ਦੁਬਾਰਾ ਕੰਪਨੀ ਵਿੱਚ ਪੂਰੀ ਤਰ੍ਹਾਂ ਸਰਗਰਮ ਸਨ। ਕੁਝ ਦਿਨਾਂ ਬਾਅਦ, ਮਸਕ ਨੇ ਲਗਭਗ 1 ਬਿਲੀਅਨ ਡਾਲਰ ਦੇ ਟੇਸਲਾ ਦੇ ਸ਼ੇਅਰ ਖਰੀਦਣ ਦਾ ਐਲਾਨ ਕੀਤਾ, ਜੋ ਕਿ ਟੇਸਲਾ ਦੇ ਭਵਿੱਖ ਵਿੱਚ ਉਸਦੇ ਮਜ਼ਬੂਤ ਵਿਸ਼ਵਾਸ ਨੂੰ ਦਰਸਾਉਂਦਾ ਹੈ।ਕੰਪਨੀ ਹੁਣ ਇੱਕ ਰਵਾਇਤੀ ਕਾਰ ਨਿਰਮਾਤਾ ਤੋਂ ਅੱਗੇ ਵਧ ਕੇ ਏਆਈ ਅਤੇ ਰੋਬੋਟਿਕਸ ਦੀ ਦੁਨੀਆ ਵਿੱਚ ਇੱਕ ਵੱਡੀ ਤਾਕਤ ਬਣਨ ਵੱਲ ਕੰਮ ਕਰ ਰਹੀ ਹੈ।
ਮਸਕ ਨੇ ਵੱਡੀਆਂ ਕੰਪਨੀਆਂ ਵਿੱਚ ਹਿੱਸੇਦਾਰੀ ਰੱਖਣ ਦੀ ਜ਼ਾਹਿਰ ਕੀਤੀ ਸੀ ਇੱਛਾ
ਟੇਸਲਾ ਦੇ ਡਾਇਰੈਕਟਰ ਬੋਰਡ ਨੇ ਪਿਛਲੇ ਮਹੀਨੇ ਐਲੋਨ ਮਸਕ ਲਈ 1 ਟ੍ਰਿਲੀਅਨ ਡਾਲਰ (ਲਗਭਗ 83 ਲੱਖ ਕਰੋੜ ਰੁਪਏ) ਦੀ ਮੁਆਵਜ਼ਾ ਯੋਜਨਾ ਦਾ ਪ੍ਰਸਤਾਵ ਰੱਖਿਆ ਸੀ। ਇਹ ਯੋਜਨਾ ਮਸਕ ਲਈ ਕੁਝ ਵੱਡੇ ਵਿੱਤੀ ਅਤੇ ਸੰਚਾਲਨ ਟੀਚੇ ਨਿਰਧਾਰਤ ਕਰਦੀ ਹੈ, ਜਦੋਂ ਕਿ ਕੰਪਨੀ ਵਿੱਚ ਵੱਡੀ ਹਿੱਸੇਦਾਰੀ ਲਈ ਉਸਦੀ ਦੱਸੀ ਗਈ ਮੰਗ ਨੂੰ ਵੀ ਸੰਬੋਧਿਤ ਕਰਦੀ ਹੈ।