ਨਵੀਂ ਦਿੱਲੀ : ਦਿੱਲੀ ਪੁਲਿਸ ਨੇ 500 ਕਰੋੜ ਰੁਪਏ ਦੇ ਫਰਾਡ ਐਪ ਆਧਾਰਿਤ ਘੁਟਾਲੇ ਵਿਚ ਯੂਟਿਊਬਰ ਐਲਵੀਸ਼ ਯਾਦਵ ਅਤੇ ਕਾਮੇਡੀਅਨ ਭਾਰਤੀ ਸਿੰਘ ਅਤੇ ਤਿੰਨ ਹੋਰਾਂ ਨੂੰ ਸੰਮਨ ਜਾਰੀ ਕੀਤਾ ਹੈ। ਪੁਲਿਸ ਨੂੰ 500 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਕਈ ਸੋਸ਼ਲ ਮੀਡੀਆ ਇੰਫਲੁਐਂਸਰ ਅਤੇ ਯੂਟਿਊਬਰ ਨੇ ਆਪਣੇ ਪੇਜਾਂ ‘ਤੇ HIBOX ਮੋਬਾਈਲ ਐਪਲੀਕੇਸ਼ਨ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਐਪ ਰਾਹੀਂ ਨਿਵੇਸ਼ ਕਰਨ ਦਾ ਲਾਲਚ ਦਿੱਤਾ।
ਪੁਲਿਸ ਨੇ ਦੱਸਿਆ ਕਿ ਇਸ ਘੁਟਾਲੇ ਦੇ ਮੁੱਖ ਦੋਸ਼ੀ ਸ਼ਿਵਰਾਮ (30) ਵਾਸੀ ਚੇਨਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ਿਕਾਇਤ ਦੇ ਅਨੁਸਾਰ, ਸੌਰਵ ਜੋਸ਼ੀ, ਅਭਿਸ਼ੇਕ ਮਲਹਾਨ, ਪੂਰਵ ਝਾਅ, ਐਲਵੀਸ਼ ਯਾਦਵ, ਭਾਰਤੀ ਸਿੰਘ, ਹਰਸ਼ ਲਿੰਬਾਚੀਆ, ਲਕਸ਼ੈ ਚੌਧਰੀ, ਆਦਰਸ਼ ਸਿੰਘ, ਅਮਿਤ ਅਤੇ ਦਿਲਰਾਜ ਸਿੰਘ ਰਾਵਤ ਸਮੇਤ ਸੋਸ਼ਲ ਮੀਡੀਆ ਇੰਫਲੂਐਂਸਰ ਅਤੇ ਯੂਟਿਊਬਰ ਨੇ ਐਪਲੀਕੇਸ਼ਨ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਐਪ ਤੋਂ ਨਿਵੇਸ਼ ਕਰਨ ਲਈ ਲੁਭਾਇਆ।
ਡਿਪਟੀ ਕਮਿਸ਼ਨਰ ਆਫ਼ ਪੁਲਿਸ (ਆਈ.ਐੱਫ.ਐੱਸ.ਓ. ਸਪੈਸ਼ਲ ਸੈੱਲ) ਹੇਮੰਤ ਤਿਵਾਰੀ ਨੇ ਕਿਹਾ, HIBOX ਇੱਕ ਮੋਬਾਈਲ ਐਪਲੀਕੇਸ਼ਨ ਹੈ, ਜੋ ਇੱਕ ਯੋਜਨਾਬੱਧ ਘੁਟਾਲੇ ਦਾ ਹਿੱਸਾ ਸੀ। ਡੀ.ਸੀ.ਪੀ. ਨੇ ਦੱਸਿਆ ਕਿ ਇਸ ਐਪਲੀਕੇਸ਼ਨ ਰਾਹੀਂ ਮੁਲਜ਼ਮਾਂ ਨੇ ਰੋਜ਼ਾਨਾ ਇੱਕ ਤੋਂ ਪੰਜ ਫ਼ੀਸਦੀ ਦੀ ਗਾਰੰਟੀਸ਼ੁਦਾ ਰਿਟਰਨ ਦਾ ਵਾਅਦਾ ਕੀਤਾ ਸੀ, ਜੋ ਇੱਕ ਮਹੀਨੇ ਵਿਚ 30 ਤੋਂ 90 ਫ਼ੀਸਦੀ ਦੇ ਬਰਾਬਰ ਹੈ। ਇਸ ਐਪ ਨੂੰ ਫਰਵਰੀ 2024 ਵਿੱਚ ਲਾਂਚ ਕੀਤਾ ਗਿਆ ਸੀ। ਇਸ ਐਪ ਵਿਚ 30,000 ਤੋਂ ਵੱਧ ਲੋਕਾਂ ਨੇ ਨਿਵੇਸ਼ ਕੀਤਾ ਸੀ। ਨਿਵੇਸ਼ਕਾਂ ਨੂੰ ਪਹਿਲੇ ਪੰਜ ਮਹੀਨਿਆਂ ਵਿਚ ਚੰਗਾ ਰਿਟਰਨ ਮਿਲਿਆ।
ਹਾਲਾਂਕਿ, ਜੁਲਾਈ ਤੋਂ ਬਾਅਦ ਐਪ ਨੇ ਤਕਨੀਕੀ ਖਾਮੀਆਂ, ਕਾਨੂੰਨੀ ਸਮੱਸਿਆਵਾਂ, ਜੀ.ਐੱਸ.ਟੀ. ਮੁੱਦਿਆਂ ਆਦਿ ਦਾ ਹਵਾਲਾ ਦਿੰਦੇ ਹੋਏ ਭੁਗਤਾਨ ਬੰਦ ਕਰ ਦਿੱਤਾ। ਡੀ.ਸੀ.ਪੀ. ਤਿਵਾਰੀ ਨੇ ਕਿਹਾ, ‘ਕਥਿਤ ਕੰਪਨੀਆਂ ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਆਪਣੇ ਦਫ਼ਤਰ ਬੰਦ ਕਰਨ ਤੋਂ ਬਾਅਦ ਗਾਇਬ ਹੋ ਗਈਆਂ।’ ਪੁਲਿਸ ਨੇ ਦੱਸਿਆ ਕਿ ਮਾਸਟਰਮਾਈਂਡ ਸ਼ਿਵਰਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਚਾਰ ਵੱਖ-ਵੱਖ ਬੈਂਕ ਖਾਤਿਆਂ ਤੋਂ 18 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ।
ਜਾਂਚ ਦੌਰਾਨ, ਸਾਈਬਰ ਉੱਤਰ-ਪੂਰਬੀ ਜ਼ਿਲ੍ਹੇ ਦੇ 9 ਲੋਕਾਂ ਦੁਆਰਾ HIBOX ਐਪਲੀਕੇਸ਼ਨ ਦੇ ਵਿਰੁੱਧ ਵੀ ਕਈ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਨਾਲ ਇਸੇ ਤਰ੍ਹਾਂ ਧੋਖਾਧੜੀ ਕੀਤੀ ਗਈ ਸੀ। ਇਨ੍ਹਾਂ 9 ਮਾਮਲਿਆਂ ਨੂੰ ਆਈ.ਐੱਫ.ਐੱਸ.ਓ. ਨੂੰ ਟਰਾਂਸਫਰ ਕਰ ਦਿੱਤਾ ਗਿਆ। ਪੁਲਸ ਨੂੰ ਉੱਤਰ-ਪੂਰਬੀ ਜ਼ਿਲ੍ਹੇ, ਬਾਹਰੀ ਜ਼ਿਲ੍ਹੇ, ਸ਼ਾਹਦਰਾ ਅਤੇ ਐੱਨ.ਸੀ.ਆਰ.ਪੀ. ਪੋਰਟਲ ਤੋਂ 500 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ।