ਫਿਰੋਜ਼ਾਬਾਦ – ਮਥੁਰਾ ‘ਚ ਯਮੁਨਾ ਐਕਸਪ੍ਰੈਸਵੇਅ ‘ਤੇ ਵਾਪਰੇ ਹਾਦਸੇ ਨੇ 5 ਪਰਿਵਾਰਾਂ ਦੇ ਘਰ ਸੱਥਰ ਵਿਛਾ ਦਿੱਤੇ। ਦਰਅਸਲ ਸਥਾਨਕ ਜਗ੍ਹਾ ‘ਤੇ ਇਕ ਕਾਰ ਦੀ ਬੱਸ ਨਾਲ ਟੱਕਰ ਹੋ ਗਈ ਤੇ ਕਾਰ ਨੂੰ ਅੱਗ ਲੱਗ ਗਈ ਤੇ ਕਾਰ ਵਿਚ ਸਵਾਲ 5 ਵਿਅਕਤੀ ਜ਼ਿੰਦਾ ਸੜ ਗਏ ਤੇ ਪੁਲਿਸ ਨੇ ਜ਼ਿੰਦਾ ਸੜ ਗਏ ਪੰਜ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਲੀਥੀਨ ‘ਚ ਇਕੱਠਾ ਕੀਤਾ। ਜਿਸ ਬੱਸ ਨਾਲ ਕਾਰ ਦੀ ਟੱਕਰ ਹੋਈ, ਉਸ ਵਿਚ 35-40 ਸਵਾਰੀਆਂ ਸਵਾਰ ਸਨ। ਬੱਸ ਦੀਆਂ ਸਵਾਰੀਆਂ ਸਹੀ ਸਲਾਮਤ ਬਾਹਰ ਆ ਗਈਆਂ। ਜਦੋਂ ਉਹਨਾਂ ਨੇ ਆਪਣੇ ਸਾਹਮਣੇ ਕਾਰ ਵਿਚ ਲੋਕਾਂ ਨੂੰ ਜਿਉਂਦੇ ਸੜਦੇ ਦੇਖਿਆ ਤਾਂ ਉਨ੍ਹਾਂ ਨੂੰ ਦੀਆਂ ਚੀਕਾਂ ਨਿਕਲ ਗਈਆਂ। ਕਾਰ ਦਾ ਸੈਂਟਰਲ ਲਾਕ ਲੱਗਿਆ ਹੋਣ ਕਰ ਕੇ ਉਹ ਬਾਹਰ ਨਹੀਂ ਨਿਕਲ ਸਕੇ। ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 7.30 ਵਜੇ ਮਹਾਵਨ ਥਾਣਾ ਖੇਤਰ ‘ਚ ਵਾਪਰਿਆ। ਖੇਤਾਂ ‘ਚ ਕੰਮ ਕਰ ਰਹੇ ਕਿਸਾਨਾਂ ਨੇ ਧਮਾਕੇ ਦੀ ਆਵਾਜ਼ ਸੁਣੀ ਤਾਂ ਉਹ ਭੱਜ ਕੇ ਘਟਨਾ ਵਾਲੀ ਜਗ੍ਹਾ ਆਏ।
ਕਿਸਾਨਾਂ ਨੇ ਦੇਖਿਆ ਕਿ ਕਾਰ ‘ਚ ਫਸੇ ਲੋਕ ਹੱਥ-ਪੈਰ ਮਾਰ ਰਹੇ ਸਨ ਪਰ ਅੱਗ ਨੇ ਕਾਰ ਨੂੰ ਇਸ ਹੱਦ ਤੱਕ ਆਪਣੀ ਲਪੇਟ ਵਿਚ ਲੈ ਲਿਆ ਕਿ ਕੋਈ ਵੀ ਉਨ੍ਹਾਂ ਨੂੰ ਬਚਾ ਨਹੀਂ ਸਕਿਆ। ਹਾਦਸੇ ‘ਚ ਜਾਨ ਗੁਆਉਣ ਵਾਲਿਆਂ ‘ਚੋਂ ਇਕ ਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ, ਜਦਕਿ ਇਕ ਦਾ 42 ਦਿਨਾਂ ਬਾਅਦ ਵਿਆਹ ਹੋਣਾ ਸੀ। ਹਾਦਸੇ ‘ਚ ਜਾਨ ਗਵਾਉਣ ਵਾਲਾ 28 ਸਾਲਾ ਅੰਸ਼ੂਮਨ ਫਿਰੋਜ਼ਾਬਾਦ ਜ਼ਿਲ੍ਹੇ ਦੇ ਸ਼ਿਕੋਹਾਬਾਦ ਦਾ ਰਹਿਣ ਵਾਲਾ ਸੀ। ਅੰਸ਼ੁਮਨ ਕਾਰ ਚਲਾ ਰਿਹਾ ਸੀ। ਅੰਸ਼ੁਮਨ ਦਾ ਵਿਆਹ ਦਸੰਬਰ 2022 ‘ਚ ਵਿਸ਼ਾਖਾ ਨਾਲ ਹੋਇਆ ਸੀ। ਉਹ ਜੀਓ ਕੰਪਨੀ ਵਿੱਚ ਪ੍ਰੋਜੈਕਟ ਮੈਨੇਜਰ ਸੀ। ਹਾਦਸੇ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਅੰਸ਼ੁਮਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਬੇਟਾ ਅੰਸ਼ੁਮਨ ਅਤੇ ਇਕ ਬੇਟੀ ਹੈ। ਇੱਕ ਦੁਰਘਟਨਾ ਵਿਚ ਬੇਟਾ ਅੰਸ਼ੁਮਨ ਗੁਆਚ ਗਿਆ।
ਸਾਡਾ ਪਰਿਵਾਰ ਬਰਬਾਦ ਹੋ ਗਿਆ। ਪਿਤਾ ਮੋਹਨ ਯਾਦਵ ਨੇ ਦੱਸਿਆ ਕਿ ਅੰਸ਼ੁਮਨ ਦੇ ਵਿਆਹ ਨੂੰ ਸਿਰਫ਼ ਇੱਕ ਸਾਲ ਹੀ ਹੋਇਆ ਸੀ ਅਤੇ ਉਸ ਦੇ ਕੋਈ ਔਲਾਦ ਨਹੀਂ ਸੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਉਸ ਦੀ ਪਤਨੀ, ਮਾਂ ਅਤੇ ਭੈਣ ਰੋਣ ਲੱਗ ਪਈਆਂ ਤੇ ਉਹਨਾਂ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਸੀ। ਹਾਦਸੇ ‘ਚ ਜਾਨ ਗੁਆਉਣ ਵਾਲਾ ਦੂਜਾ ਵਿਅਕਤੀ 27 ਸਾਲਾ ਹਿਮਾਂਸ਼ੂ ਉਰਫ ਆਤਿਨ ਪੁੱਤਰ ਵਰਿੰਦਰ ਯਾਦਵ ਸੀ, ਜਿਸ ਦਾ 27 ਮਾਰਚ ਨੂੰ ਵਿਆਹ ਹੋਣਾ ਸੀ।
ਪਰਿਵਾਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਰਿਵਾਰ ਖਰੀਦਦਾਰੀ ਕਰ ਰਿਹਾ ਸੀ। ਕਾਰਡ ਛਾਪਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਮੌਤ ਦੀ ਖ਼ਬਰ 42 ਦਿਨ ਪਹਿਲਾਂ ਹੀ ਘਰ ਪਹੁੰਚ ਗਈ। ਜਿਸ ਘਰ ‘ਚ ਸ਼ਹਿਨਾਈ ਵੱਜਣ ਦੀ ਖੁਸ਼ੀ ਸੀ ਉਹ ਘਰ ਹੁਣ ਚੀਕਾਂ ਨਾਲ ਭਰ ਗਿਆ ਹੈ। ਕਰੀਬ ਇੱਕ ਹਜ਼ਾਰ ਨੇੜਲੇ ਪਿੰਡ ਵਾਸੀ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਏ ਸਨ।
ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਹਾਦਸੇ ਤੋਂ ਬਾਅਦ ਫਾਇਰ ਬ੍ਰਿਗੇਡ ਸਮੇਂ ਸਿਰ ਨਹੀਂ ਪੁੱਜੀ। ਕਰੀਬ 40 ਮਿੰਟ ਬਾਅਦ ਫਾਇਰ ਬ੍ਰਿਗੇਡ ਪਹੁੰਚੀ ਪਰ ਉਦੋਂ ਤੱਕ ਕਾਰ ‘ਚ ਫਸੇ ਸਾਰੇ ਪੰਜ ਲੋਕ ਜ਼ਿੰਦਾ ਸੜ ਚੁੱਕੇ ਸਨ। ਮਥੁਰਾ ਜ਼ਿਲ੍ਹੇ ਵਿਚ ਯਮੁਨਾ ਐਕਸਪ੍ਰੈਸਵੇਅ ਦਾ ਸਭ ਤੋਂ ਵੱਡਾ ਹਿੱਸਾ ਹੈ। ਕਰੀਬ 90 ਕਿਲੋਮੀਟਰ ਦੇ ਖੇਤਰ ਵਿਚ ਫਾਇਰ ਬ੍ਰਿਗੇਡ ਦੀ ਗੱਡੀ ਹੈ। ਇੱਥੇ ਇਕ ਸਾਲ ਦੇ ਅੰਦਰ ਐਕਸਪ੍ਰੈਸ ਵੇਅ ‘ਤੇ 20 ਤੋਂ ਵੱਧ ਵਾਹਨਾਂ ਨੂੰ ਅੱਗ ਲੱਗਣ ਦੀ ਖਬਰ ਹੈ। ਅੱਗ ਲੱਗਣ ਦੀਆਂ ਘਟਨਾਵਾਂ ‘ਤੇ ਫਾਇਰ ਟੈਂਡਰ ਦੇਰੀ ਨਾਲ ਪਹੁੰਚਦੇ ਹਨ। ਸੋਮਵਾਰ ਨੂੰ ਵੀ ਵਾਪਰੀ ਇਸ ਘਟਨਾ ਵਿੱਚ ਫਾਇਰ ਟੈਂਡਰ ਦੇ ਦੇਰੀ ਨਾਲ ਪਹੁੰਚਣ ਦਾ ਮਾਮਲਾ ਸਾਹਮਣੇ ਆਇਆ। ਪਿੰਡ ਵਾਸੀਆਂ ਨੇ ਕਿਹਾ- ਯਮੁਨਾ ਐਕਸਪ੍ਰੈਸ ਵੇਅ ‘ਤੇ ਵਾਹਨਾਂ ਤੋਂ ਭਾਰੀ ਟੋਲ ਵਸੂਲਿਆ ਜਾਂਦਾ ਹੈ ਪਰ ਐਕਸਪ੍ਰੈਸਵੇਅ ਅਥਾਰਟੀ ਫਾਇਰ ਟੈਂਡਰ ਵਰਗੀਆਂ ਜ਼ਰੂਰਤਾਂ ਵੱਲ ਕੋਈ ਧਿਆਨ ਨਹੀਂ ਦਿੰਦੀ।