ਪੰਜਾਬ-ਹਰਿਆਣਾ ਸ਼ੰਭੂ ਹੱਦ ਉਤੇ ਇਕ ਪਾਸੇ ਜਿਥੇ ਹਰਿਆਣਾ ਪੁਲਿਸ ਵਲੋਂ ਕਿਸਾਨਾਂ ਉਤੇ ਡਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਉਥੇ ਹੀ ਦੂਜੇ ਪਾਸੇ ਕਿਸਾਨਾਂ ਨੇ ਬਸੰਤ ਪੰਚਮੀ ਵਾਲੇ ਦਿਨ ਸ਼ੰਭੂ ਬਾਰਡਰ ਉਤੇ ਪਤੰਗ ਵੀ ਉਡਾਏ। ਇਸ ਦੌਰਾਨ ਇਕ ਨੌਜਵਾਨ ਨੇ 5 ਰੁਪਏ ਦੀ ਪਤੰਗ ਨਾਲ 5 ਲੱਖ ਦਾ ਡਰੋਨ ਡੇਗ ਦਿਤਾ।

ਨੌਜਵਾਨ ਨੇ ਕਿਹਾ ਕਿ ਉਸ ਨੂੰ ਬਸੰਤ ਪੰਚਮੀ ਮੌਕੇ ਪਤੰਗ ਉਡਾਉਣ ਦਾ ਅਸਲੀ ਨਜ਼ਾਰਾ ਹੁਣ ਆਇਆ ਹੈ। ਇਸ ਦੇ ਨਾਲ ਹੀ ਨੌਜਵਾਨ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਡਰੋਨ ਨੂੰ ਡੇਗ ਕੇ ਅੱਥਰੂ ਗੈਸ ਦੇ ਗੋਲੇ ਝੱਲਦੇ ਕਿਸਾਨਾਂ ਦਾ ਬਦਲਾ ਲਿਆ ਹੈ। ਇਹ ਡਰੋਨ ਹਰਿਆਣਾ ਵੱਲੋਂ ਆ ਕੇ ਪੰਜਾਬ ਦੀ ਹੱਦ ਅੰਦਰ ਕਿਸਾਨਾਂ ਉਤੇ ਗੋਲੇ ਸੁੱਟ ਰਿਹਾ ਸੀ।

ਪਿੰਡ ਸ਼ੇਰ ਮਾਜਰਾ ਦੇ ਨੌਜਵਾਨ ਗਗਨਦੀਪ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਇਸ ਡਰੋਨ ਨੇ ਦੋ ਦਿਨ ਤੋਂ ਤਹਿਲਕਾ ਮਚਾ ਕੇ ਰੱਖਿਆ ਸੀ। ਬਸੰਤ ਪੰਚਮੀ ਵਾਲੇ ਦਿਨ ਜਦੋਂ ਇਹ ਪੰਜਾਬ ਵਾਲੇ ਪਾਸੇ ਆਇਆ ਤਾਂ ਡਰੋਨ ਪਤੰਗ ਵਿਚ ਫਸ ਕੇ ਬੇਕਾਬੂ ਹੋ ਗਿਆ। ਉਨ੍ਹਾਂ ਨੇ ਸਵੇਰੇ 11 ਵਜੇ ਪਤੰਗ ਚੜ੍ਹਾਇਆ ਅਤੇ ਸ਼ਾਮ 5.30 ਵਜੇ ਤਕ ਡਰੋਨ ਸੁੱਟ ਲਿਆ ਗਿਆ।

ਗਗਨਦੀਪ ਸਿੰਘ ਨੇ ਕਿਹਾ, “ਡਰੋਨ ਤੋਂ ਉਨ੍ਹਾਂ ਬਜ਼ੁਰਗਾਂ ਦਾ ਬਦਲਾ ਲਿਆ ਹੈ, ਜਿਹੜੇ ਇਸ ਕਾਰਨ ਜ਼ਖ਼ਮੀ ਹੋਏ ਹਨ”। ਹੋਰ ਨੌਜਵਾਨਾਂ ਨੇ ਦਸਿਆ, “ਡਰੋਨ ਦੀ ਹਰਕਤ ਇੰਨੀ ਜ਼ਿਆਦਾ ਵਧ ਗਈ ਸੀ ਕਿ ਆਗੂਆਂ ਉਤੇ ਹਮਲੇ ਕੀਤੇ ਗਏ, ਕਿਸੇ ਦੇ ਸਿਰ ਉਤੇ ਹਮਲਾ ਹੋਇਆ ਅਤੇ ਕਿਸੇ ਦੀ ਅੱਖ ਨੁਕਸਾਨੀ ਗਈ। ਸਾਨੂੰ ਕਿਸੇ ਦਾ ਨੁਕਸਾਨ ਕਰਨ ਦਾ ਕੋਈ ਸ਼ੌਕ ਨਹੀਂ ਹੈ। ਜੇ ਕੋਈ ਅੱਗੇ ਵਧ ਕੇ ਹਮਲਾ ਕਰੇਗਾ, ਉਸ ਨੂੰ ਜਵਾਬ ਦੇਣਾ ਜ਼ਰੂਰੀ ਹੈ”। ਨੌਜਵਾਨਾਂ ਨੇ ਕਿਹਾ ਕਿ ਬਸੰਤ ਪੰਚਮੀ ਦੀ ਅਰਦਾਸ ਕਾਮਯਾਬ ਹੋ ਗਈ ਹੈ।