ਮਹਿੰਦਰਗੜ੍ਹ- ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ‘ਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ 5 ਸਕੂਲੀ ਬੱਚਿਆਂ ਦੀ ਮੌਤ ਹੋ ਗਈ। ਦਰਅਸਲ ਮਹਿੰਦਰਗੜ੍ਹ ਜ਼ਿਲ੍ਹੇ ਦੇ ਕਨੀਨਾ ਦੇ ਪਿੰਡ ਉਨਹਾਨੀ ਕੋਲ ਵੀਰਵਾਰ ਨੂੰ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ ਹੋ ਕੇ ਪਲਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 5 ਬੱਚਿਆਂ ਦੀ ਮੌਤ ਹੋ ਗਈ ਅਤੇ 15 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪਿੰਡ ਉਨਹਾਨੀ ਨੇੜੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟ ਗਈ। ਇਹ ਬੱਸ ਨਿੱਜੀ ਸਕੂਲ ਜੀ.ਐੱਲ ਪਬਲਿਕ ਸਕੂਲ ਦੀ ਸੀ। ਬੱਸ ਵਿਚ ਕਰੀਬ 35 ਤੋਂ 40 ਬੱਚੇ ਸਵਾਰ ਸਨ। ਦੱਸਿਆ ਗਿਆ ਹੈ ਕਿ ਅੱਜ ਸਰਕਾਰੀ ਛੁੱਟੀ ਵਾਲੇ ਦਿਨ ਵੀ ਸਕੂਲ ਵਿਚ ਸਮਾਗਮ ਕੀਤਾ ਜਾ ਰਿਹਾ ਸੀ। ਬੱਚਿਆਂ ਨੂੰ ਲੈਣ ਲਈ ਸਕੂਲ ਤੋਂ ਬੱਸ ਭੇਜੀ ਗਈ ਸੀ।
ਜ਼ਖ਼ਮੀ ਬੱਚਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਜਾਣਕਾਰੀ ਮੁਤਾਬਕ ਹਾਦਸਾ ਦੇ ਪਿੱਛੇ ਦਾ ਕਾਰਨ ਓਵਰਟੇਕ ਦੱਸਿਆ ਜਾ ਰਿਹਾ ਹੈ। ਗੰਭੀਰ ਰੂਪ ਨਾਲ ਜ਼ਖ਼ਮੀ ਬੱਚਿਆਂ ਨੂੰ ਰੇਵਾੜੀ ਰੈਫਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬੱਸ ਡਰਾਈਵਰ ਸ਼ਰਾਬ ਦੇ ਨਸ਼ੇ ਵਿਚ ਸੀ। ਪੁਲਸ ਨੇ ਬੱਸ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਮੈਡੀਕਲ ਲਈ ਮਹਿੰਦਰਗੜ੍ਹ ਨਾਗਰਿਕ ਹਸਪਤਾਲ ਪਹੁੰਚਾਇਆ ਹੈ।