ਜੰਮੂ ਕਸ਼ਮੀਰ : 48 ਘੰਟਿਆਂ ਵਿੱਚ ਦੂਜੀ ਵਾਰ ਕੰਟਰੋਲ ਰੇਖਾ ਨੇੜੇ ਸ਼ੱਕੀ ਡਰੋਨ ਦੇਖੇ ਗਏ ਹਨ। ਇਸ ਵਾਰ, ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਦੋ ਵਾਰ ਡਰੋਨ ਦੇਖੇ ਗਏ। ਜਿਸ ਤੋਂ ਬਾਅਦ ਭਾਰਤੀ ਫੌਜ ਨੇ ਗੋਲੀਬਾਰੀ ਕੀਤੀ। ਗੋਲੀਬਾਰੀ ਤੋਂ ਬਾਅਦ ਡਰੋਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵੱਲ ਵਾਪਸ ਪਰਤ ਗਏ।
ਸੂਤਰਾਂ ਅਨੁਸਾਰ ਡਰੋਨ ਸ਼ਾਮ 7 ਵਜੇ ਦੇ ਕਰੀਬ ਰਾਜੌਰੀ ਦੇ ਚਿੰਗੁਸ ਸੈਕਟਰ ਦੇ ਡੁੰਗਾ ਗਾਲਾ ਖੇਤਰ ਵਿੱਚ ਭਾਰਤੀ ਖੇਤਰ ਵਿੱਚ ਦਾਖਲ ਹੋਏ। ਫੌਜ ਨੇ ਆਪਣੇ ਐਂਟੀ-ਡਰੋਨ ਸਿਸਟਮ ਨੂੰ ਸਰਗਰਮ ਕਰਨ ‘ਤੇ ਉਹ ਗਾਇਬ ਹੋ ਗਏ। ਫਿਰ ਸ਼ਾਮ 7:35 ਵਜੇ ਦੇ ਕਰੀਬ, ਧਾਰੀ ਧਾਰਾ ਪਿੰਡ ਵਿੱਚ ਦੋ ਡਰੋਨ ਵਰਗੀਆਂ ਚੀਜ਼ਾਂ ਵੇਖੀਆਂ ਗਈਆਂ। ਸੈਨਿਕਾਂ ਨੇ ਕਈ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਡਰੋਨ ਕੰਟਰੋਲ ਰੇਖਾ ‘ਤੇ ਵਾਪਸ ਆ ਗਏ।
ਦਸ ਦਈਏ ਕਿ ਪਿਛਲੇ ਤਿੰਨ ਦਿਨਾਂ ਵਿੱਚ ਜੰਮੂ-ਕਸ਼ਮੀਰ ਵਿੱਚ ਇਹ ਦੂਜੇ ਵਾਰ ਹੈ ਜਦ ਡਰੋਨ ਦੇਖਣ ਨੂੰ ਮਿਲੇ। ਇਨ੍ਹਾਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਕੰਟਰੋਲ ਰੇਖਾ ‘ਤੇ ਨਿਗਰਾਨੀ ਅਤੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਸੁਰੱਖਿਆ ਏਜੰਸੀਆਂ ਨੂੰ ਡਰ ਹੈ ਕਿ ਪਾਕਿਸਤਾਨ ਡਰੋਨ ਦੀ ਵਰਤੋਂ ਕਰਕੇ ਘੁਸਪੈਠ ਕਰਨ ਜਾਂ ਹਥਿਆਰ ਅਤੇ ਨਸ਼ੀਲੇ ਪਦਾਰਥ ਸੁੱਟਣ ਦੀ ਕੋਸ਼ਿਸ਼ ਕਰ ਸਕਦਾ ਹੈ।
ਇਸਤੋਂ ਪਹਿਲਾਂ ਐਤਵਾਰ ਦੇਰ ਸ਼ਾਮ ਨੂੰ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਪਾਕਿਸਤਾਨੀ ਡਰੋਨ ਦੇਖੇ ਗਏ ਸਨ। ਪੁੰਛ ਦੇ ਨੌਸ਼ਹਿਰਾ ਸੈਕਟਰ, ਧਰਮਸ਼ਾਲ ਸੈਕਟਰ, ਰਿਆਸੀ, ਸਾਂਬਾ ਅਤੇ ਮਨਕੋਟ ਸੈਕਟਰ ਵਿੱਚ ਇੱਕੋ ਸਮੇਂ ਕੁੱਲ ਪੰਜ ਡਰੋਨ ਦੇਖੇ ਗਏ ਸਨ। ਹਾਲਾਂਕਿ ਇਨ੍ਹਾਂ ਘਟਨਾਵਾਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਓਧਰ ਦੂਜੇ ਪਾਸੇ ਗਣਤੰਤਰ ਦਿਵਸ ਲਈ ਦੇਸ਼ ਭਰ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਇਨ੍ਹਾਂ ਡਰੋਨਾਂ ਦੀ ਵਰਤੋਂ ਸਰਹੱਦ ‘ਤੇ ਫੌਜੀ ਟਿਕਾਣਿਆਂ ਦੀ ਨਿਗਰਾਨੀ ਕਰਨ ਜਾਂ ਅੱਤਵਾਦੀਆਂ ਲਈ ਹਥਿਆਰ ਅਤੇ ਨਸ਼ੀਲੇ ਪਦਾਰਥ ਸੁੱਟਣ ਲਈ ਕੀਤੀ ਜਾ ਰਹੀ ਹੈ।














