ਚੰਡੀਗੜ੍ਹ : ਪੰਜਾਬ ਵਿਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਇਸ ਵਾਰ ਮਈ ਮਹੀਨੇ ਵਿਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਵਿਚ ਅਗਲੇ ਕੁਝ ਦਿਨ ਹੋਰ ਗਰਮੀ ਤੋਂ ਰਾਹਤ ਮਿਲਣ ਦੇ ਆਸਾਰ ਨਹੀਂ ਹਨ। ਦੱਸਦੇ ਚਲੀਏ ਕਿ ਫਰੀਦਕੋਟ ’ਚ ਤਾਪਮਾਨ 47.4 ਡਿਗਰੀ ਤੱਕ ਪਹੁੰਚ ਗਿਆ ਹੈ, ਜੋ ਇਸ ਸੀਜ਼ਨ ਦਾ ਸਭ ਤੋਂ ਵੱਧ ਹੈ। ਇਸ ਤੋਂ ਇਲਾਵਾ ਵੱਧ ਤੋਂ ਵੱਧ ਤਾਪਮਾਨ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਸੂਬੇ ’ਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 2.4 ਡਿਗਰੀ ਵੱਧ ਗਿਆ ਹੈ ਅਤੇ ਇਹ ਆਮ ਨਾਲੋਂ ਪੰਜ ਡਿਗਰੀ ਵੱਧ ਪਹੁੰਚ ਗਿਆ ਹੈ।
ਲੂ ਨੇ ਕਈ ਜ਼ਿਲ੍ਹਿਆਂ ਵਿੱਚ ਸਮੱਸਿਆ ਵਧਾ ਦਿੱਤੀ ਹੈ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਸਭ ਤੋਂ ਵੱਧ ਪ੍ਰਭਾਵਿਤ ਹੋਏ।ਐਤਵਾਰ ਨੂੰ ਘੱਟੋ-ਘੱਟ ਤਾਪਮਾਨ ਵਿੱਚ -0.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਪਰ ਅਜੇ ਵੀ ਇਹ ਆਮ ਨਾਲੋਂ 1.6 ਡਿਗਰੀ ਵੱਧ ਹੈ। ਬੱਲੋਵਾਲ ਵਿੱਚ ਸਭ ਤੋਂ ਘੱਟ ਤਾਪਮਾਨ 23.2 ਡਿਗਰੀ ਦਰਜ ਕੀਤਾ ਗਿਆ। ਵਿਭਾਗ ਅਨੁਸਾਰ ਵੱਧ ਤੋਂ ਵੱਧ ਤਾਪਮਾਨ ਵਿੱਚ ਸਭ ਤੋਂ ਵੱਧ ਵਾਧਾ ਜਲੰਧਰ ਦੇ ਨੂਰਮਹਿਲ ਵਿੱਚ ਦਰਜ ਕੀਤਾ ਗਿਆ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ 3.6 ਦੇ ਵਾਧੇ ਨਾਲ 42.7 ਦਰਜ ਕੀਤਾ ਗਿਆ ਹੈ।
ਪਟਿਆਲਾ ਦਾ ਤਾਪਮਾਨ 45.7 ਡਿਗਰੀ, ਪਠਾਨਕੋਟ, ਬਠਿੰਡਾ ਅਤੇ ਅੰਮ੍ਰਿਤਸਰ ਦਾ 45.2 ਡਿਗਰੀ, ਬਰਨਾਲਾ ਅਤੇ ਆਨੰਦਪੁਰ ਸਾਹਿਬ ਦਾ 44.9, ਲੁਧਿਆਣਾ ਦਾ 44.8 ਅਤੇ ਫਤਿਹਗੜ੍ਹ ਸਾਹਿਬ ਦਾ 44.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਤਾਪਮਾਨ ਵਿਚ ਇਹ ਵਾਧਾ ਅਗਲੇ ਕੁਝ ਦਿਨਾਂ ਵਿਚ ਵੀ ਜਾਰੀ ਰਹੇਗਾ, ਇਸ ਲਈ ਬੱਚਿਆਂ ਅਤੇ ਬਜ਼ੁਰਗਾਂ ਨੂੰ ਤੇਜ਼ ਧੁੱਪ ਤੋਂ ਬਚਣਾ ਚਾਹੀਦਾ ਹੈ ਅਤੇ ਨਿਯਮਤ ਤੌਰ ’ਤੇ ਪਾਣੀ ਪੀਣਾ ਚਾਹੀਦਾ ਹੈ।