ਚੰਡੀਗੜ੍ਹ : ਅਮਰੀਕਾ ਵਿੱਚ ਕਾਨੂੰਨੀ ਦਾਖਲੇ ਦਾ ਵਾਅਦਾ ਤਾਂ ਮਿਲਿਆ ਪਰ ਦੇਸ਼ ਛੱਡਣ ਤੋਂ ਬਾਅਦ ਮਨਦੀਪ ਸਿੰਘ ਨੂੰ ਮਗਰਮੱਛਾਂ ਅਤੇ ਸੱਪਾਂ ਨਾਲ ਨਜਿੱਠਣਾ ਪਿਆ, ਸਿੱਖ ਹੋਣ ਦੇ ਬਾਵਜੂਦ ਦਾੜ੍ਹੀ ਕੱਟਣੀ ਪਈ ਅਤੇ ਕਈ ਦਿਨਾਂ ਤੱਕ ਭੁੱਖੇ ਢਿੱਡ ਰਹਿਣਾ ਪਿਆ। ਪਰ ਜੱਗੋਂ ਤੇਰਵੀਂ ਤਾਂ ਉਦੋਂ ਹੋ ਗਈ ਜਦੋਂ ਔਕੜਾਂ ਝੱਲਣ ਦੇ ਬਾਵਜੂਦ ਪਰਿਵਾਰ ਲਈ ਬਿਹਤਰ ਜ਼ਿੰਦਗੀ ਬਣਾਉਣ ਦਾ ਸੁਪਨਾ 27 ਜਨਵਰੀ ਨੂੰ ਟੁੱਟ ਗਿਆ, ਉਸਨੂੰ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹੋਏ ਯੂਐਸ ਬਾਰਡਰ ਪੈਟਰੋਲ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ।
ਇਹ ਔਕੜਾਂ ਭਰੀ ਕਹਾਣੀ ਹੈ ਮਨਦੀਪ ਸਿੰਘ ਦੀ ਜੋ ਉਨ੍ਹਾਂ 112 ਭਾਰਤੀਆਂ ਦਾ ਹਿੱਸਾ ਸੀ, ਜਿਨ੍ਹਾਂ ਨੂੰ ਅਮਰੀਕੀ ਫੌਜੀ ਜਹਾਜ਼ ਰਾਹੀਂ ਦੇਸ਼ ਨਿਕਾਲਾ ਦਿੱਤਾ ਗਿਆ। ਗੈਰ-ਕਾਨੂੰਨੀ ਪਰਵਾਸੀਆਂ ਵਿਰੁੱਧ ਡੌਨਲਡ ਟਰੰਪ ਪ੍ਰਸ਼ਾਸਨ ਵੱਲੋਂ ਕਾਰਵਾਈ ਦੌਰਾਨ ਭਾਰਤੀਆਂ ਨੂੰ ਹੁਣ ਤੱਕ ਤਿੰਨ ਫੌਜੀ ਮਾਲਵਾਹਕ ਉਡਾਣਾਂ ਰਾਹੀਂ ਵਾਪਸ ਭੇਜਿਆ ਜਾ ਚੁੱਕਿਆ ਹੈ।
ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਆਪ ਬੀਤੀ ਸਾਂਝੀ ਕਰਦਿਆਂ ਮਨਦੀਪ ਨੇ ਦੱਸਿਆ ਕਿ ਕਾਨੂੰਨੀ ਦਾਖਲੇ ਦਾ ਵਾਅਦਾ ਕਰਨ ਦੇ ਬਾਵਜੂਦ ਟਰੈਵਲ ਏਜੰਟ ਨੇ ਉਸਨੂੰ ਡੌਂਕੀ ਦੇ ਰਾਹ ਪਾ ਦਿੱਤਾ, ਜੋ ਕਿ ਗੈਰ-ਕਾਨੂੰਨੀ ਅਤੇ ਜੋਖਮ ਭਰਿਆ ਰਸਤਾ ਹੈ। ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਨਦੀਪ (38) ਨੇ ਉਸ ਦੇ ਟਰੈਵਲ ਏਜੰਟ ਅਤੇ ਸਬ-ਏਜੰਟਾਂ ਵੱਲੋਂ ਉਸ ਨੂੰ ਲੰਘਾਉਣ ਵਾਲੇ ਖਤਰਨਾਕ ਸਫ਼ਰ ਦੀਆਂ ਕਈ ਵੀਡੀਓਜ਼ ਦਿਖਾਈਆਂ। ਮਨਦੀਪ ਨੇ ਕਿਹਾ, ”ਜਦੋਂ ਮੈਂ ਆਪਣੇ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਇਕ ਮਹੀਨੇ ਦੇ ਅੰਦਰ ਮੈਨੂੰ ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਜਾਇਆ ਜਾਵੇਗਾ। ਏਜੰਟ ਨੇ 40 ਲੱਖ ਰੁਪਏ ਦੀ ਮੰਗ ਕੀਤੀ ਸੀ, ਜੋ ਉਸ ਨੇ ਦੋ ਕਿਸ਼ਤਾਂ ਵਿੱਚ ਅਦਾ ਕਰ ਦਿੱਤੇ।
ਉਸਨੇ ਦੱਸਿਆ ਕਿ ਪਿਛਲੇ ਸਾਲ ਅਗਸਤ ਵਿੱਚ ਇੱਕ ਫਲਾਈਟ ਰਾਹੀਂ ਅੰਮ੍ਰਿਤਸਰ ਤੋਂ ਦਿੱਲੀ ਗਿਆ। “ਦਿੱਲੀ ਤੋਂ, ਮੈਨੂੰ ਮੁੰਬਈ, ਫਿਰ ਨਾਇਰੋਬੀ ਅਤੇ ਉਸ ਤੋਂ ਬਾਅਦ ਕਿਸੇ ਹੋਰ ਦੇਸ਼ ਰਾਹੀਂ ਐਮਸਟਰਡੈਮ ਲਿਜਾਇਆ ਗਿਆ। ਉੱਥੋਂ ਸਾਨੂੰ ਸੂਰੀਨਾਮ ਲਿਜਾਇਆ ਗਿਆ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਸਬ-ਏਜੰਟਾਂ ਨੇ 20 ਲੱਖ ਰੁਪਏ ਦੀ ਮੰਗ ਕੀਤੀ, ਜੋ ਮੇਰੇ ਪਰਿਵਾਰ ਵੱਲੋਂ ਅਦਾ ਕੀਤੀ ਗਈ।’’
ਉਥੋਂ ਸ਼ੁਰੂ ਹੋਏ ਅਨਿਸ਼ਚਿਤ ਸਫ਼ਰ ਦਾ ਵੇਰਵਾ ਦਿੰਦੇ ਹੋਏ ਮਨਦੀਪ ਨੇ ਕਿਹਾ, ”ਸੁਰੀਨਾਮ ਤੋਂ ਅਸੀਂ ਇਕ ਵਾਹਨ ’ਤੇ ਸਵਾਰ ਹੋ ਕੇ ਆਏ, ਜਿਸ ਵਿਚ ਮੇਰੇ ਵਰਗੇ ਕਈ ਲੋਕ ਸਨ। ਸਾਨੂੰ ਗੁਆਨਾ ਲਿਜਾਇਆ ਗਿਆ। ਉਥੋਂ ਕਈ ਦਿਨਾਂ ਤੱਕ ਨਾਨ-ਸਟਾਪ ਸਫਰ ਹੁੰਦਾ ਰਿਹਾ। ਅਸੀਂ ਇਕਵਾਡੋਰ ਪਹੁੰਚਣ ਤੋਂ ਪਹਿਲਾਂ ਗੁਆਨਾ, ਫਿਰ ਬੋਲੀਵੀਆ ਨੂੰ ਪਾਰ ਕੀਤਾ। ਫਿਰ ਪਨਾਮਾ ਦੇ ਜੰਗਲਾਂ ਨੂੰ ਪਾਰ ਕਰਨ ਲਈ ਇਕ ਸਮੂਹ ਬਣਾਇਆ ਗਿਆ।
ਉਸਨੇ ਦੱਸਿਆ ਕਿ ‘‘ਸਾਨੂੰ ਸਾਥੀ ਯਾਤਰੀਆਂ ਨੇ ਕਿਹਾ ਸੀ ਕਿ ਜੇਕਰ ਅਸੀਂ ਬਹੁਤ ਸਵਾਲ ਪੁੱਛਦੇ ਹਾਂ, ਤਾਂ ਸਾਨੂੰ ਗੋਲੀ ਮਾਰ ਦਿੱਤੀ ਜਾ ਸਕਦੀ ਹੈ। 13 ਦਿਨਾਂ ਲਈ ਉਲਝਵੇਂ ਰਸਤੇ ਵਿੱਚੋਂ ਲੰਘੇ ਜਿਸ ਵਿੱਚ 12 ਨਹਿਰਾਂ ਸ਼ਾਮਲ ਸਨ। ਮਗਰਮੱਛ, ਸੱਪ ਸਾਨੂੰ ਸਭ ਨੂੰ ਝੱਲਣਾ ਪਿਆ। ਕਈਆਂ ਨੂੰ ਖ਼ਤਰਨਾਕ ਸੱਪਾਂ ਨਾਲ ਨਜਿੱਠਣ ਲਈ ਡੰਡੇ ਦਿੱਤੇ ਗਏ ਸਨ। ਮਨਦੀਪ ਨੇ ਦੱਸਿਆ ਕਿ ਉਨ੍ਹਾਂ ਅਧ-ਪੱਕੀਆਂ ਰੋਟੀਆਂ ਨੂਡਲਜ਼ ਖਾ ਕੇ ਦਿਨ ਵਿੱਚ 12 ਘੰਟੇ ਸਫ਼ਰ ਕਰਦੇ ਸੀ। ਮਨਦੀਪ ਦੱਸਦਾ ਹੈ ਕਿ ਕਈ ਥਾਵਾਂ ’ਤੇ ਉਨ੍ਹਾਂ ਨੂੰ ਕੁੱਝ ਖਾਣ ਨੂੰ ਵੀ ਨਹੀਂ ਮਿਲਿਆ। ਟਿਜੁਆਨਾ ਪਹੁੰਚੇਣ ਮੌਕੇ ਉਸਦੀ ਦਾੜ੍ਹੀ ਜ਼ਬਰਦਸਤੀ ਕੱਟੀ ਗਈ।
ਆਪਣੇ ਸੁਪਨੇ ਪੂਰੇ ਕਰਨ ਲਈ ਔਕੜਾਂ ਭਰਿਆ ਸਫ਼ਰ ਕਰਨ ਤੋਂ ਬਾਅਦ 27 ਜਨਵਰੀ ਦੀ ਸਵੇਰ ਉਹਨਾਂ ਨੂੰ ਬਾਰਡਰ ਪੁਲੀਸ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ। ਉਸ ਨੇ ਦੱਸਿਆ ਕਿ ‘‘ਵਾਪਸ ਭੇਜੇ ਜਾਣ ਤੋਂ ਪਹਿਲਾਂ ਸਾਨੂੰ ਕੁਝ ਦਿਨਾਂ ਲਈ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਗਿਆ ਸੀ ਅਤੇ 5 ਫਰਵਰੀ ਨੂੰ ਫੌਜੀ ਮਾਲਵਾਹਕ ਜਹਾਜ਼ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ।














