ਅਮਰੀਕਾ ਦੇ ਰੇਗਿਸਤਾਨੀ ਸੂਬੇ ਐਰੀਜ਼ੋਨਾ ਵਿਚ ਇਕ ਹਵਾਈ ਗੁਬਾਰਾ ਫਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਐਲੋਏ ਪੁਲਿਸ ਵਿਭਾਗ ਅਨੁਸਾਰ, ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 7:50 ਵਜੇ ਇਕ ਪੇਂਡੂ ਰੇਗਿਸਤਾਨੀ ਖੇਤਰ ਵਿਚ ਵਾਪਰਿਆ। ਇਹ ਖੇਤਰ ਰਾਜ ਦੀ ਰਾਜਧਾਨੀ ਫੀਨਿਕਸ ਤੋਂ ਲਗਭਗ 105 ਕਿਲੋਮੀਟਰ ਦੱਖਣ-ਪੂਰਬ ਵੱਲ ਹੈ।
ਸਥਾਨਕ ‘ਕੇਐਨਐਕਸਵੀ’ ਨਿਊਜ਼ ਚੈਨਲ ਦੇ ਅਨੁਸਾਰ, ਹਾਦਸੇ ਦੇ ਸਮੇਂ ਏਅਰ ਬੈਲੂਨ ਵਿਚ ਕੁੱਲ 13 ਲੋਕ ਸਨ, ਜਿਨ੍ਹਾਂ ਵਿਚ ਅੱਠ ਸਕਾਈਡਾਈਵਰ, ਚਾਰ ਯਾਤਰੀ ਅਤੇ ਇਕ ਪਾਇਲਟ ਸ਼ਾਮਲ ਸੀ। ਸਕਾਈਡਾਈਵਰ ਦੁਰਘਟਨਾ ਤੋਂ ਪਹਿਲਾਂ ਹੀ ਗੁਬਾਰੇ ਵਿਚੋਂ ਬਾਹਰ ਨਿਕਲ ਗਏ ਸਨ। ਚਸ਼ਮਦੀਦਾਂ ਨੇ ਅਧਿਕਾਰੀਆਂ ਨੂੰ ਦਸਿਆ ਕਿ ਜ਼ਬਰਦਸਤ ਧਮਾਕਾ ਹੋਣ ਤੋਂ ਪਹਿਲਾਂ ਗੁਬਾਰਾ ਸਿੱਧਾ ਉੱਪਰ ਅਤੇ ਹੇਠਾਂ ਚਲਾ ਗਿਆ ਸੀ।
ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬਾਕੀ ਤਿੰਨ ਜ਼ਖਮੀਆਂ ਦੀ ਬਾਅਦ ‘ਚ ਮੌਤ ਹੋਈ। ਇਕ ਵਿਅਕਤੀ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖਲ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਦੇ ਅਧਿਕਾਰੀਆਂ ਨੇ ਕਿਹਾ, “ਗਰਮ ਹਵਾ ਦਾ ਗੁਬਾਰਾ ਤਕਨੀਕੀ ਖਰਾਬੀ ਕਾਰਨ ਕ੍ਰੈਸ਼ ਹੋ ਗਿਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਹੇ ਹਨ”।