ਚੰਡੀਗੜ, 7 ਮਾਰਚ 2020: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਕਣਕ ਦੀ ਖਰੀਦ ਲਈ ਆਏ 31000 ਕਰੋੜ ਰੁਪਏ ਖੁਰਦ-ਬੁਰਦ ਕਰਨ ਦੇ ਮਾਮਲੇ ‘ਚ ਬਾਦਲ ਪਰਿਵਾਰ ਨੂੰ ਸ਼ਰੇਆਮ ਬਚਾ ਰਹੇ ਹਨ।

    ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਵਿੱਤੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਆੜੇ ਹੱਥੀ ਲੈਂਦਿਆਂ ਪੁੱਛਿਆ ਕਿ ਕੀ ਸਿਰਫ ਵਿਧਾਨ ਸਭਾ ‘ਚ ਬਿਆਨ ਦਾਗ ਕੇ ਪੰਜਾਬ ਅਤੇ ਪੰਜਾਬੀਆਂ ਸਿਰ ਰਾਤੋਂ-ਰਾਤ ਚੜਾਏ 31000 ਹਜਾਰ ਕਰੋੜ ਰੁਪਏ ਦੇ ਵਾਧੂ ਕਰਜ਼ ਦਾ ਮਸਲਾ ਹੱਲ ਹੋ ਜਾਵੇਹਾ? ਕੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਹੁੱਣ ਤੱਕ ਇਸ ਸਭ ਤੋਂ ਵੱਡੇ ਘੁਟਾਲੇ ਦੀ ਉਚੱ ਪੱਧਰੀ ਜਾਂਚ ਕਰਵਾ ਕੇ ਬਾਦਲ ਪਰਿਵਾਰ ਨਾਲ ਸੰਬੰਧਿਤ ਦੋਸ਼ੀ ਮੈਂਬਰਾਂ ਨੂੰ ਕਟਹਿਰੇ ‘ਚ ਖੜਾ ਨਹੀਂ ਕਰਨਾ ਚਾਹੀਦਾ ਸੀ?

    ਸੰਧਵਾਂ ਨੇ ਕਿਹਾ ਕਿ ਕਾਰਵਾਈ ਇਸ ਕਰਕੇ ਨਹੀਂ ਕੀਤੀ ਗਈ ਕਿਉਕਿ ਬਾਦਲ ਅਤੇ ਕੈਪਟਨ ਆਪਸ ਵਿਚ ਰਲੇ ਹੋਏ ਹਨ ਅਤੇ ਵਾਰੀ ਬੰਨ ਕੇ ਪੰਜਾਬ ਨੂੰ ਲੁੱਟਣ ਲੱਗੇ ਹੋਏ ਹਨ।

    ਸੰਧਵਾਂ ਨੇ ਕਿਹਾ ਕਿ 2022 ‘ਚ ‘ਆਪ’ ਦੀ ਸਰਕਾਰ ਬਣਨ ਉਪਰੰਤ ਇਸ ਘੁਟਾਲੇ ਦੀਆਂ ਸਾਰੀ ਤੰਦਾਂ ਖੋਲੀਆਂ ਜਾਣਗੀਆਂ ਅਤੇ ਦੋਸ਼ੀਆਂ ਦੀ ਜਾਇਦਾਦ ਕੁਰਕ ਕਰਕੇ ਪੰਜਾਬ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗਾ। 

    ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਦ ਬਾਦਲ ਦਲ ਦੇ ਆਗੂ ਪਿੰਡਾਂ ‘ਚ ਆਉਣ ਤਾਂ ਉਨਾਂ ਨੂੰ ਲੋਕ ਸੱਥ ‘ਚ ਖੜਾ ਕਰ ਕੇ ਇਹਨਾਂ ਸਵਾਲਾਂ ਦਾ ਜਵਾਬ ਮੰਗਣਾ ਚਾਹੀਦਾ ਹੈ ਕਿ ਉਹਨਾ ਨੇ 31,000 ਕਰੋੜ ਦਾ ਹਿਸਾਬ ਸੈਂਟਰ ਨੂੰ ਕਿਉਂ ਨਾ ਦਿੱਤਾ, ਕਿਉਂਕਿ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਕਣਕ ਖ਼ਰੀਦ ‘ਚ ਬਹੁਤ ਵੱਡਾ ਘਪਲਾ ਹੋਇਆ ਸੀ। ਜਦ 31 ਹਜਾਰ ਕਰੋੜ ਦੀ ਜਿਨਸ ਪੂਰੀ ਨਾ ਹੋਈ ਤਾਂ ਬਾਦਲ ਸਰਕਾਰ ਨੇ ਉਸ ਰਕਮ ਜਾਂ ਜਿਨਸ ਨੂੰ ਪੂਰਾ ਕਰਨ ਬਜਾਏ 31,000 ਕਰੋੜ ਪੰਜਾਬ ਸਿਰ ਕਰਜ਼ੇ ਦੇ ਰੂਪ ‘ਚ ਲਿਖਵਾ ਲਿਆ। ਜਿਸ ਦੇ ਸਮੇਤ ਵਿਆਜ ਲਗਭਗ 57000 ਕਰੋੜ ਰੁਪਏ ਪੰਜਾਬ ਨੂੰ ਭਰਨੇ ਪੈਣਗੇ। ਜਿਸ ਕਰ ਕੇ ਪੰਜਾਬ ਦੀ ਬਹੁਤ ਸਾਰੀ ਆਮਦਨ ਫ਼ਾਲਤੂ ਜਾਣ ਲੱਗੀ ਹੈ। ਦੂਸਰੇ ਪਾਸੇ ਕੈਪਟਨ ਸਰਕਾਰ ਦੇ ਮੰਤਰੀ ਸਾਹਿਬਾਨ ਅੰਕੜੇ ਦੇ ਕੇ ਖ਼ਾਲੀ ਖ਼ਜ਼ਾਨੇ ਦੀ ਦੁਹਾਈ ਤਾਂ ਦੇ ਰਹੇ ਨੇ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਬੇਵੱਸ ਕਿਉਂ ਦਿਖਾਈ ਦੇ ਰਹੇ ਹਨ?  ਜਦ ਸਰਕਾਰ ਉਸ ਕਰਜ਼ੇ ਦੀਆਂ ਕਿਸ਼ਤਾਂ ਅਤੇ ਵਿਆਜ ਭਰ ਰਹੀ ਹੈ ਤਾਂ ਉਸ 31000 ਕਰੋੜ ਨੂੰ ਖ਼ੁਰਦ ਬੁਰਦ ਕਰਨ ਵਾਲਿਆਂ ਨੂੰ ਫੜ ਕੇ ਉਨਾਂ ਤੋਂ ਲੁੱਟਿਆ ਪੈਸੇ ਕਿਉਂ ਨਹੀਂ ਕਢਵਾ ਰਹੀ? ਕਿਉਂ ਨਹੀਂ ਇਹ ਲੁਟੇਰੇ ਜੇਲਾਂ ‘ਚ ਸੁੱਟੇ ਗਏ? ਮਤਲਬ ਸਾਫ਼ ਹੈ ਕਿ ਬਾਦਲ ਕੈਪਟਨ ਰਲੇ ਹੋਏ ਹਨ।

ਸੰਧਵਾਂ ਨੇ ਸਵਾਲ ਕੀਤਾ ਕਿ ਪੰਜਾਬ ‘ਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵੇਲੇ ਕਾਂਗਰਸ ਪਾਰਟੀ ਨੇ ਅਨਾਜ ਖ਼ਰੀਦ ਘੋਟਾਲੇ ਦਾ ਬਹੁਤ ਰੌਲਾ ਪਾਇਆ ਸੀ। ਇੱਥੋਂ ਤਕ ਕਿ ਕਾਂਗਰਸ ਦੇ ਉਦੋਂ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਇਸ ਘਪਲੇ ਨੂੰ ਲੈ ਕੇ ਵਿਧਾਨ ਸਭਾ ਤਕ ਸਾਈਕਲ ਮਾਰਚ ਵੀ ਕੀਤਾ ਸੀ। ਇਹ ਵੀ ਦਮਗਜ਼ੇ ਮਾਰੇ ਗਏ ਸਨ ਕਿ ਕਾਂਗਰਸ ਸਰਕਾਰ ਆਉਣ ‘ਤੇ ਇਸ ਦੀ ਜਾਂਚ ਕੀਤੀ ਜਾਵੇਗੀ। ਪਰ ਹੁਣ ਕੀ ਮਜਬੂਰੀ ਬਣ ਗਈ ਕਿ ਕਾਂਗਰਸ  ਵੀ ਬਾਦਲਾਂ ਨੂੰ ਬਚਾਉਣ ਦੇ ਰਾਹ ‘ਤੇ ਚੱਲ ਰਹੀ ਹੈ?