ਓਟਵਾ, 4 ਮਈ : ਕੋਵਿਡ-19 ਵੈਕਸੀਨਜ਼ ਦੀ ਵਰਤੋਂ ਬਾਰੇ ਸਲਾਹ ਦੇਣ ਵਾਲੇ ਨੈਸ਼ਨਲ ਵੈਕਸੀਨ ਪੈਨਲ ਦਾ ਕਹਿਣਾ ਹੈ ਕਿ ਜੌਹਨਸਨ ਐਂਡ ਜੌਹਨਸਨ ਵੈਕਸੀਨ 30 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ। ਐਸਟ੍ਰਾਜ਼ੈਨੇਕਾ ਵੈਕਸੀਨ ਬਾਰੇ ਵੀ ਇਸ ਪੈਨਲ ਵੱਲੋਂ ਇਹੋ ਸਲਾਹ ਦਿੱਤੀ ਗਈ ਸੀ।
ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ) ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਸਿੰਗਲ ਸ਼ੌਟ ਵੈਕਸੀਨ ਵਜੋਂ ਇਸ ਦੀ ਵਰਤੋਂ ਅਜਿਹੀਆਂ ਥਾਂਵਾਂ ਉੱਤੇ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਲੋਕਾਂ ਨੂੰ ਦੂਜੀ ਡੋਜ਼ ਲਈ ਸੱਦਣਾ ਔਖਾ ਹੋਵੇ। ਪਰ ਅਜੇ ਤੱਕ ਇਸ ਵੈਕਸੀਨ ਨੂੰ ਕੈਨੇਡਾ ਵਿੱਚ ਵਰਤੋਂ ਲਈ ਹਰੀ ਝੰਡੀ ਨਹੀਂ ਦਿੱਤੀ ਗਈ ਹੈ।ਪਿਛਲੇ ਸੁ਼ੱਕਰਵਾਰ ਹੈਲਥ ਕੈਨੇਡਾ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਪਹੁੰਚੀਆਂ ਜੌਹਨਸਨ ਐਂਡ ਜੌਹਨਸਨ ਵੈਕਸੀਨ ਦੀਆਂ ਪਹਿਲੀਆਂ 300,000 ਡੋਜ਼ਾਂ ਦੀ ਕੁਆਲਿਟੀ ਦੀ ਜਾਂਚ ਕਰਵਾਈ ਜਾ ਰਹੀ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਵੈਕਸੀਨ ਦੀ ਇਹ ਖੇਪ ਅਮਰੀਕਾ ਦੇ ਉਸ ਪਲਾਂਟ ਵਿੱਚ ਤਿਆਰ ਕੀਤੀ ਗਈ ਜਿੱਥੇ ਕੁੱਝ ਦਿੱਕਤਾਂ ਸਨ।  
ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਜੇ ਕੈਨੇਡਾ ਭੇਜੀ ਗਈ ਜੌਹਨਸਨ ਐਂਡ ਜੌਹਨਸਨ ਦੀ ਖੇਪ ਅਮਰੀਕਾ ਤੋਂ ਬਾਹਰ ਕਿਸੇ ਹੋਰ ਥਾਂ ਉੱਤੇ ਤਿਆਰ ਕੀਤੀ ਗਈ ਹੋਵੇ। ਇਸ ਲਈ ਇਹ ਤੈਅ ਕਰਨਾ ਜ਼ਰੂਰੀ ਹੈ ਕਿ ਇਹ ਡੋਜ਼ਾਂ ਕੁਆਲਿਟੀ ਸਟੈਂਡਰਡਜ਼ ਉੱਤੇ ਖਰੀਆਂ ਉਤਰਦੀਆਂ ਹੋਣ।