ਚੰਡੀਗੜ੍ਹ : ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਪਲਾਕਸ਼ਾ ਯੂਨੀਵਰਸਿਟੀ, ਐਸਏਐਸ ਨਗਰ (ਮੋਹਾਲੀ) ਵਿਖੇ 13 ਤੋਂ 15 ਮਾਰਚ ਤੱਕ ਕਰਵਾਇਆ ਜਾ ਰਿਹਾ ਜੋ ਪੰਜਾਬ ਨੂੰ ਨਿਵੇਸ਼ ਅਤੇ ਨਵੀਨਤਾ ਲਈ ਇੱਕ ਪ੍ਰਮੁੱਖ ਸਥਾਨ ਵਜੋਂ ਸਥਾਪਿਤ ਕਰੇਗਾ। 13,14 ਅਤੇ 15 ਮਾਰਚ ਨੂੰ ਮੋਹਾਲੀ ਵਿਖੇ ਹੋਣ ਵਾਲ਼ੇ ਇਸ ਸੰਮੇਲਨ ਦਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਉਦਘਾਟਨ, ਦੇਸ਼ ਅਤੇ ਵਿਦੇਸ਼ ਤੋਂ ਪਹੁੰਚੇ ਵੱਡੇ ਉਦਯੋਗਿਕ ਅਦਾਰਿਆਂ ਦੇ ਵਫ਼ਦ ਅਤੇ ਨਿਵੇਸ਼ਕ ਇਸ ਸੰਮੇਲਨ ‘ਚ ਸ਼ਿਰਕਤ ਕਰਨਗੇ ।

ਇਹ ਸੰਮੇਲਨ ਭਾਰਤ ਅਤੇ ਵਿਸ਼ਵ ਭਰ ਦੇ ਨਿਵੇਸ਼ਕਾਂ, ਉਦਯੋਗਪਤੀਆਂ ਅਤੇ ਨੀਤੀ ਨਿਰਮਾਤਾਵਾਂ ਨੂੰ ਪੰਜਾਬ ਦੇ ਵਿਆਪਕ ਨਿਵੇਸ਼ ਮੌਕਿਆਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪ੍ਰਮੁੱਖ ਪਲੇਟਫਾਰਮ ਵਜੋਂ ਕੰਮ ਕਰੇਗਾ। ਇਸ ਸੰਮੇਲਨ ਵਿੱਚ 89 ਸੈਸ਼ਨ ਹੋਣਗੇ ਅਤੇ ਇਹ ਸੂਬੇ ਭਰ ਦੇ ਹੁਣ ਤੱਕ ਦੇ ਸਭ ਤੋਂ ਵਿਆਪਕ ਨਿਵੇਸ਼ ਸਮਾਗਮਾਂ ਵਿੱਚੋਂ ਇੱਕ ਹੋਵੇਗਾ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਸ ਸੰਮੇਲਨ ਵਿੱਚ ਯੂਨਾਈਟਿਡ ਕਿੰਗਡਮ, ਜਾਪਾਨ ਅਤੇ ਦੱਖਣੀ ਕੋਰੀਆ ਦੇਸ਼ਾਂ ‘ਤੇ ਕੇਂਦ੍ਰਿਤ ਸੈਸ਼ਨ ਹੋਣਗੇ ਅਤੇ ਇਸ ਦੇ ਨਾਲ ਹੀ ਇੱਕ ਸਮਰਪਿਤ ਐਮਐਸਐਮਈ ਸੈਸ਼ਨ ਵੀ ਹੋਵੇਗਾ। ਸੈਕਟਰਲ ਇੰਡਸਟਰੀ ਕਮੇਟੀਆਂ ਦੀਆਂ ਮੀਟਿੰਗਾਂ ਤੋਂ ਇਲਾਵਾ ਆਈਟੀ ਹੱਬ ਵਜੋਂ ਉੱਭਰ ਰਹੇ ਮੋਹਾਲੀ ਦੀ ਭੂਮਿਕਾ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਵੱਖ-ਵੱਖ ਉਦਯੋਗਿਕ ਖੇਤਰਾਂ ‘ਤੇ ਵਿਸ਼ੇਸ਼ ਸੈਸ਼ਨ ਵੀ ਕਰਵਾਏ ਜਾਣਗੇ।

ਸੰਮੇਲਨ ਦੌਰਾਨ ਇੱਕ ਉਦਯੋਗਿਕ ਪ੍ਰਦਰਸ਼ਨੀ ਵੀ ਕਰਵਾਈ ਜਾਵੇਗੀ ਜਿੱਥੇ ਪੰਜਾਬ ਦੇ ਉਦਯੋਗਾਂ ਦੇ ਉਤਪਾਦਾਂ ਅਤੇ ਨਵੀਨਤਾਵਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਇਸ ਜ਼ਰੀਏ ਸੂਬੇ ਦੀ ਨਿਰਮਾਣ ਸਮਰਥਾ ਅਤੇ ਉੱਦਮੀ ਭਾਵਨਾ ਉਜਾਗਰ ਕੀਤੀ ਜਾਵੇਗੀ।