ਚੰਡੀਗੜ੍ਹ: ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਇੰਦਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਅੱਜ ਪ੍ਰੈਸ ਕਾਨਫਰੰਸ ਕਰਕੇ ਪੂਰੀ ਸਾਜ਼ਿਸ਼ ਦਾ ਖੁਲਾਸਾ ਕਰੇਗੀ। ਡੀਸੀਪੀ ਜਸਕੀਰਨਜੀਤ ਸਿੰਘ ਤੇਜਾ ਦੁਪਹਿਰ 3:30 ਵਜੇ ਪੁਲਿਸ ਲਾਈਨ ਵਿੱਚ ਮੀਡੀਆ ਨੂੰ ਜਾਣਕਾਰੀ ਦੇਣਗੇ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਦੋ ਦਿਨ ਦੇ ਰਿਮਾਂਡ ’ਤੇ ਲਿਆ ਹੈ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਪ੍ਰੀਤਮ ਅਤੇ ਕਮਜੀਤ ਦੇ ਨਾਮ ਸਾਹਮਣੇ ਆਏ ਹਨ, ਜਦਕਿ ਇੱਕ ਹੋਰ ਵਿਅਕਤੀ ਦੀ ਪਛਾਣ ਹਾਲੇ ਨਹੀਂ ਹੋ ਸਕੀ। ਪੁਲਿਸ ਇਹ ਵੀ ਦੱਸੇਗੀ ਕਿ ਕਤਲ ਵਿੱਚ ਕਿਸ ਮੁਲਜ਼ਮ ਦੀ ਕੀ ਭੂਮਿਕਾ ਸੀ। ਇਸ ਵੇਲੇ ਯਸ਼ਇੰਦਰ ਦੀ ਲਾਸ਼ ਸਮਰਾਲਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖੀ ਗਈ ਹੈ। ਪਰਿਵਾਰ ਨੇ ਕਿਹਾ ਹੈ ਕਿ ਜਾਂਚ ਪੂਰੀ ਹੋਣ ਤੱਕ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ।
ਇੰਸਟਾਗ੍ਰਾਮ ਤੋਂ ਸ਼ੁਰੂ ਹੋਈ ਸੀ ਦੋਸਤੀ
ਜਾਣਕਾਰੀ ਅਨੁਸਾਰ ਯਸ਼ਇੰਦਰ ਕੌਰ ਦੀ ਮੁਲਾਕਾਤ ਕੈਨੇਡਾ ਵਿੱਚ ਰਹਿੰਦੇ ਮੋਗਾ ਦੇ ਸੁਖਵਿੰਦਰ ਸਿੰਘ ਉਰਫ਼ ਸੁੱਖੀ ਬਰਾੜ ਨਾਲ ਇੰਸਟਾਗ੍ਰਾਮ ਰਾਹੀਂ ਹੋਈ ਸੀ। ਪਹਿਲਾਂ ਦੋਹਾਂ ਵਿਚ ਗੱਲਬਾਤ ਸ਼ੁਰੂ ਹੋਈ ਅਤੇ ਫਿਰ ਦੋਸਤੀ ਪਿਆਰ ਵਿੱਚ ਬਦਲ ਗਈ। ਦੋਹਾਂ ਨੇ ਇਕ-ਦੂਜੇ ਨਾਲ ਵਿਆਹ ਕਰਨ ਦੇ ਵਾਅਦੇ ਵੀ ਕੀਤੇ ਸਨ। ਕਰੀਬ ਛੇ ਸਾਲ ਤੋਂ ਦੋਹਾਂ ਦਾ ਰਿਸ਼ਤਾ ਚੱਲ ਰਿਹਾ ਸੀ।
11 ਜਨਵਰੀ ਨੂੰ ਯਸ਼ਇੰਦਰ ਦੇ ਜਨਮਦਿਨ ਮੌਕੇ ਸੁੱਖੀ ਬਰਾੜ ਉਸਦੇ ਘਰ ਵੀ ਆਇਆ ਸੀ। ਉਸ ਸਮੇਂ ਉਸਨੇ ਮਾਰਚ ਵਿੱਚ ਵਿਆਹ ਕਰਨ ਦੀ ਗੱਲ ਕਹੀ ਸੀ। ਪਰ ਬਾਅਦ ਵਿੱਚ ਉਸਨੇ ਵਿਆਹ ਟਾਲਣਾ ਸ਼ੁਰੂ ਕਰ ਦਿੱਤਾ।
ਵਿਆਹ ਦਾ ਦਬਾਅ ਬਣਿਆ ਕਤਲ ਦੀ ਵਜ੍ਹਾ
ਪਰਿਵਾਰ ਦਾ ਦੋਸ਼ ਹੈ ਕਿ ਸੁੱਖੀ ਬਰਾੜ ਪਹਿਲਾਂ ਤੋਂ ਵਿਆਹਿਆ ਹੋਇਆ ਸੀ ਅਤੇ ਉਸਨੇ ਇਹ ਗੱਲ ਯਸ਼ਇੰਦਰ ਤੋਂ ਲੁਕਾਈ ਰੱਖੀ। ਜਦੋਂ ਯਸ਼ਇੰਦਰ ਨੇ ਵਿਆਹ ਲਈ ਦਬਾਅ ਬਣਾਇਆ ਤਾਂ ਸੁੱਖੀ ਨੇ ਆਪਣੇ ਪਿਤਾ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ।
ਪਰਿਵਾਰ ਮੁਤਾਬਕ ਕਤਲ ਤੋਂ ਬਾਅਦ ਸੁੱਖੀ ਬਰਾੜ ਨੇਪਾਲ ਦੇ ਰਾਹੀਂ ਕੈਨੇਡਾ ਭੱਜ ਗਿਆ। ਯਸ਼ਇੰਦਰ ਦੇ ਭਰਾ ਜੋਤਇੰਦਰ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਗ੍ਰੋਸਰੀ ਦਾ ਸਮਾਨ ਲੈਣ ਗਈ ਹੋਈ ਸੀ। ਵਾਪਸੀ ਦੌਰਾਨ ਸੁੱਖੀ ਬਰਾੜ ਉਸਨੂੰ ਮਿਲਿਆ ਅਤੇ ਕੈਨੇਡਾ ਜਾਣ ਤੋਂ ਪਹਿਲਾਂ ਛੱਡਣ ਲਈ ਨਾਲ ਚੱਲਣ ਨੂੰ ਕਿਹਾ। ਇਨਕਾਰ ਕਰਨ ਦੇ ਬਾਵਜੂਦ ਉਹ ਉਸਨੂੰ ਆਪਣੇ ਨਾਲ ਲੈ ਗਿਆ।
ਜਦੋਂ ਪੁਲਿਸ ਨੇ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਤਾਂ ਉਸ ਵਿੱਚੋਂ ਗੋਲੀ ਦਾ ਖੋਲ ਅਤੇ ਸੀਟ ’ਤੇ ਖੂਨ ਮਿਲਿਆ। ਇਸ ਤੋਂ ਸਪੱਸ਼ਟ ਹੋਇਆ ਕਿ ਯਸ਼ਇੰਦਰ ਦੀ ਹੱਤਿਆ ਗੋਲੀ ਮਾਰ ਕੇ ਕੀਤੀ ਗਈ ਸੀ।














