ਟੋਰਾਂਟੋ: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦੇ ਹਿੰਸਕ ਸਿੱਟੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਸਾਹਮਣੇ ਆਉਣ ਲੱਗੇ ਹਨ। ਪਹਿਲੀ ਵਾਰਦਾਤ ਚੀਨ ਵਿਚ ਵਾਪਰੀ ਜਿਥੇ ਇਜ਼ਰਾਈਲੀ ਡਿਪਲੋਮੈਟ ਉਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਹੋਣ ਦੀ ਰਿਪੋਰਟ ਹੈ। ਇਜ਼ਰਾਈਲ ਵੱਲੋਂ ਵਾਰਦਾਤ ਨੂੰ ਅਤਿਵਾਦੀ ਹਮਲਾ ਕਰਾਰ ਦਿਤਾ ਗਿਆ ਹੈ। ਦੂਜੇ ਪਾਸੇ ਟੋਰਾਂਟੋ ਦੇ ਇਕ ਯਹੂਦੀ ਸਕੂਲ ਦੇ ਵਿਦਿਆਰਥੀਆਂ ਨੂੰ ਤਿੰਨ ਜਣਿਆਂ ਵੱਲੋਂ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਟੋਰਾਂਟੋ ਪੁਲਿਸ ਨੇ ਤਿੰਨੇ ਜਣੇ ਗ੍ਰਿਫ਼ਤਾਰ ਕਰ ਲਏ।

ਚੀਨ ਵਿਚ ਇਜ਼ਰਾਈਲ ਦੇ ਡਿਪਲੋਮੈਟ ’ਤੇ ਛੁਰੇ ਨਾਲ ਹਮਲਾ
ਟੋਰਾਂਟੋ ਦੇ ਮਿਡਲੈਂਡ ਐਵੇਨਿਊ ਅਤੇ ਲਾਰੈਂਸ ਐਵੇਨਿਊ ਈਸਟ ਇਲਾਕੇ ਦੇ ਇਕ ਹਾਈ ਸਕੂਲ ਦੇ ਬਾਹਰ ਛੁਰੇਬਾਜ਼ੀ ਦੀ ਵਾਰਦਾਤ ਨੇ ਭੰਬਲਭੂਸਾ ਪੈਦਾ ਕਰ ਦਿਤਾ। ਇਸੇ ਹਾਈ ਸਕੂਲ ਵਿਚ ਪਿਛਲੇ ਸਾਲ ਗੋਲੀਬਾਰੀ ਦੌਰਾਨ ਇਕ ਵਿਦਿਆਰਥੀ ਦੀ ਮੌਤ ਹੋ ਗਈ ਸੀ। ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ ਛੁਰੇਬਾਜ਼ੀ ਕਾਰਨ ਵਾਲੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਇਸੇ ਦੌਰਾਨ ਯਹੂਦੀ ਸਕੂਲ ਦੀ ਵਾਰਦਾਤ ਵੀ ਸਾਹਮਣੇ ਆ ਗਈ।

ਟੋਰਾਂਟੋ ਪੁਲਿਸ ਨੇ ਦੱਸਿਆ ਕਿ ਨੌਰਥ ਯਾਰਕ ਦੀ ਟੈਨਨਬੌਮ ਕਮਿਊਨਿਟੀ ਹੀਬਰੂ ਅਕੈਡਮੀ ਦੇ ਬਾਹਰ ਤਿੰਨ ਜਣੇ ਆਏ ਅਤੇ ਉਥੇ ਮੌਜੂਦ ਵਿਦਿਆਰਥੀਆਂ ਨੂੰ ਧਮਕੀਆਂ ਦੇਣ ਲੱਗੇ ਪਰ ਇਸੇ ਦੌਰਾਨ ਸੁਰੱਖਿਆ ਮੁਲਾਜ਼ਮਾਂ ਨੇ ਤਿੰਨਾਂ ਨੂੰ ਉਥੋਂ ਚਲੇ ਜਾਣ ਲਈ ਆਖਿਆ। ਮਾਮਲਾ ਪੁਲਿਸ ਕੋਲ ਪੁੱਜਾ ਤਾਂ ਇਲਾਕੇ ਵਿਚ ਤਲਾਸ਼ ਕਰਦਿਆਂ ਤਿੰਨੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ।