ਚੰਡੀਗੜ੍ਹ, 14 ਜਨਵਰੀ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀਰਵਾਰ ਨੂੰ ਕਿਹਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਵਿਰੁੱਧ 26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਪਰੇਡ ਕੌਮੀ ਰਾਜਧਾਨੀ ਦੇ ਅੰਦਰ ਹੀ ਹੋਵੇਗੀ ਪਰ ਇਸ ਲਈ ਰੂਟ ਕਿਸਾਨ ਜਥੇਬੰਦੀਆਂ ਤੈਅ ਕਰਨਗੀਆਂ। ਸ੍ਰੀ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਲਈ ਬਹੁਤ ਸਾਰੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਪਰ ਇਹ ਪਰੇਡ ਸ਼ਾਂਤਮਈ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਕਦੇ ਵੀ ਦੇਸ਼ ਦੀ ਏਕਤਾ ਅੰਖਡਤਾ ਲਈ ਖਤਰਾ ਨਹੀ ਬਣੇ, ਸਗੋਂ ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਦੇਸ਼ ਦੀ ਰਾਖੀ ਲਈ ਸਰਹੱਦਾਂ ’ਤੇ ਆਪ ਤੋਰਿਆ ਹੈ।