ਚੰਡੀਗੜ੍ਹ- 22 ਜਿ਼ਲ੍ਹਾ ਪ੍ਰੀਸ਼ਦਾਂ ਤੇ 150 ਪੰਚਾਇਤ ਸੰਮਤੀ ਚੋਣਾਂ ਲਈ ਵੋਟਾਂ ਭਲਕੇ ਬੁੱਧਵਾਰ, 19 ਸਤੰਬਰ ਨੂੰ ਪੈਣੀਆਂ ਹਨ। ਇਹ ਪੰਜਾਬ`ਚ ਦਿਹਾਤੀ ਚੋਣਾਂ ਦਾ ਪਹਿਲਾ ਗੇੜ ਹੋਵੇਗਾ। ਇਸ ਵਾਰ ਦੋ ਪੁਰਾਣੀਆਂ ਵਿਰੋਧੀ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਆਪੋ-ਆਪਣੇ ਪੰਥਕ ਏਜੰਡੇ ਲੈ ਕੇ ਚੋਣ ਮੈਦਾਨ `ਚ ਨਿੱਤਰੀਆਂ ਹੋਈਆਂ ਹਨ। ਆਮ ਆਦਮੀ ਪਾਰਟੀ (ਆਪ) ਐਤਕੀਂ ਸਿਰਫ਼ ਇੱਕ-ਤਿਹਾਈ ਸੀਟਾਂ `ਤੇ ਹੀ ਚੋਣ ਲੜ ਰਹੀ ਹੈ। ਸ੍ਰੀ ਸੁਖਪਾਲ ਖਹਿਰਾ ਦੀ ਅਗਵਾਈ ਹੇਠਲੇ ਧੜੇ ਦੀ ‘ਬਗ਼ਾਵਤ` ਕਾਰਨ ਇਹ ਪਾਰਟੀ ਐਤਕੀਂ ਸਾਰੀਆਂ ਸੀਟਾਂ `ਤੇ ਆਪਣੇ ਉਮੀਦਵਾਰ ਖੜ੍ਹੇ ਨਹੀਂ ਕਰ ਸਕੀ।
ਇਸ ਵਾਰ ਸੱਤਾਧਾਰੀ ਪਾਰਟੀ ਕਾਂਗਰਸ ਦਾ ਪੂਰਾ ਜ਼ੋਰ ਇਨ੍ਹਾਂ ਚੋਣਾਂ `ਚ ਵੱਡੀਆਂ ਜਿੱਤਾਂ ਹਾਸਲ ਕਰਨ `ਤੇ ਲੱਗਾ ਹੋਇਆ ਹੈ। ਇਹ ਚੋਣਾਂ ਐਲਾਨਣ ਦੇ ਇੱਕ ਦਿਨ ਪਹਿਲਾਂ ਬੇਅਦਬੀ ਨਾਲ ਸਬੰਧਤ ਮਾਮਲਿਆਂ ਬਾਰੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਪੰਜਾਬ ਵਿਧਾਨ ਸਭਾ `ਚ ਪੇਸ਼ ਕੀਤੀ ਗਈ ਸੀ ਤੇ ਉਸ `ਤੇ ਬਹਿਸ ਹੋਈ ਸੀ। ਇਸ ਰਿਪੋਰਟ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਉਣ ਲਈ ਨਿਭਾਈ ਭੂਮਿਕਾ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੋਟਕਪੂਰਾ `ਚ ਪੁਲਿਸ ਗੋਲੀਬਾਰੀ ਲਈ ਵੀ ਉਦੋਂ ਦੀ ਸਰਕਾਰ ਨੂੰ ਹੀ ਜਿ਼ੰਮੇਵਾਰ ਦੱਸਿਆ ਗਿਆ ਹੈ। ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਹੁਣ ਆਮ ਜਨਤਾ `ਚ ਕਾਫ਼ੀ ਰੋਹ ਪਾਇਆ ਜਾ ਰਿਹਾ ਹੈ – ਇਸੇ ਲਈ ਐਤਕੀਂ ਇਨ੍ਹਾਂ ਚੋਣਾਂ `ਚ ਪੰਥਕ ਏਜੰਡੇ ਭਾਰੂ ਹੋਏ ਹਨ।
ਸੱਤਾ ਬਦਲਣ ਨਾਲ ਸਮੀਕਰਣਾਂ ਵੀ ਬਦਲ ਜਾਂਦੀ ਹਨ; ਇਸੇ ਲਈ ਸੱਤਾਧਾਰੀ ਪਾਰਟੀ ਕਾਂਗਰਸ ਦੇ 33 ਉਮੀਦਵਾਰ ਜਿ਼ਲ੍ਹਾ ਪ੍ਰੀਸ਼ਦ ਚੋਣਾਂ `ਚ ਅਤੇ 369 ਉਮੀਦਵਾਰ ਪੰਚਾਇਤ ਸੰਮਤੀ ਚੋਣਾਂ `ਚ ਬਿਨਾ ਮੁਕਾਬਲਾ ਹੀ ਜੇਤੂ ਕਰਾਰ ਦੇ ਦਿੱਤੇ ਗਏ ਹਨ। ਇਹ ਸਥਿਤੀ ਅਕਾਲੀਆਂ ਨੂੰ ਠੀਕ ਨਹੀਂ ਜਾਪ ਰਹੀ, ਇਸੇ ਲਈ ਉਨ੍ਹਾਂ ਵੱਲੋਂ ਹੁਣ ਕਾਂਗਰਸ ਵੱਲੋਂ ਇਨ੍ਹਾਂ ਚੋਣਾਂ `ਚ ਤਾਕਤ ਦੀ ਵਰਤੋਂ ਦੇ ਦੋਸ਼ ਲਾਏ ਜਾ ਰਹੇ ਹਨ। ਮਾਝਾ ਪੱਟੀ `ਚ ਉਹ ਇੱਕ-ਤਿਹਾਈ ਉਮੀਦਵਾਰ ਬਿਨਾ ਮੁਕਾਬਲਾ ਹੀ ਜਿੱਤ ਚੁੱਕੇ ਹਨ, ਜਿਨ੍ਹਾਂ ਨੇ ਬੇਅਦਬੀ ਮਾਮਲਿਆਂ `ਚ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਮੁਹਿੰਮ ਵਿੱਢੀ ਸੀ।
ਇਨ੍ਹਾਂ ਚੋਣਾਂ `ਚ 1.27 ਕਰੋੜ ਵੋਟਰ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਯੋਗ ਹੋਣਗੇ। ਵੋਟਾਂ ਪਾਉਣ ਦਾ ਕੰਮ ਸੁਖਾਵੇਂ ਢਓੰਗ ਨਾਲ ਨੇਪਰੇ ਚਾੜ੍ਹਨ ਲਈ 50,000 ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ ਤੇ ਕੁੱਲ 17,268 ਪੋਲਿੰਗ ਬੂਥ ਤਿਆਰ ਕੀਤੇ ਗਏ ਹਨ। ਇਨ੍ਹਾਂ ਚੋਣਾਂ `ਤੇ ਨਿਗਰਾਨੀ ਲਈ 35 ਆਬਜ਼ਰਵਰ ਲਾਏ ਗਏ ਹਨ। ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਵੇਗੀ।
ਇਨ੍ਹਾਂ ਚੋਣਾਂ ਲਈ ਪ੍ਰਚਾਰ ਮੁਹਿੰਮਾਂ ਦੌਰਾਨ ਕਾਂਗਰਸ ਤੇ ਅਕਾਲੀ ਕਾਰਕੁੰਨਾਂ ਵਿਚਾਲੇ ਵੱਡੇ ਝਗੜੇ ਵੀ ਹੋਏ ਹਨ। ਮਾਝਾ ਤੇ ਮਾਲਵਾ ਦੇ ਫ਼ਰੀਦਕੋਟ `ਚ ਅਕਾਲੀਆਂ ਤੇ ਕੱਟੜਪੰਥੀਆਂ ਵਿਚਾਲੇ ਵੀ ਹਿੰਸਕ ਝੜਪਾਂ ਹੋ ਚੁੱਕੀਆਂ ਹਨ। ਬਰਗਾੜੀ `ਚ ਗਰਮ-ਖਿ਼ਆਲੀ ਆਗੂ ਬੇਅਦਬੀ ਨਾਲ ਸਬੰਧਤ ਘਟਨਾਵਾਂ ਤੇ ਪੁਲਿਸ ਗੋਲੀਬਾਰੀ ਦੇ ਮੁੱਦੇ `ਤੇ ਬੀਤੀ 1 ਜੂਨ ਤੋਂ ਰੋਸ ਧਰਨੇ `ਤੇ ਬੈਠੇ ਹਨ।
ਬੇਅਦਬੀ ਕਾਂਡ ਦੇ ਮੁੱਦੇ `ਤੇ ਪੰਜਾਬ ਵਿਧਾਨ ਸਭਾ `ਚ ਸ਼੍ਰੋਮਣੀ਼ ਅਕਾਲੀ ਦਲ ਨੇ ਬਹਿਸ ਵਿੱਚ ਭਾਗ ਨਹੀਂ ਲਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤੇ ਸਿਆਸੀ ਹਮਲਿਆਂ ਦਾ ਜਵਾਬ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਖ਼ਤਮ ਹੋਣ ਦੇ ਇੱਕ ਦਿਨ ਬਾਅਦ ਹੀ ਪੰਚਾਇਤ ਸੰਮਤੀ ਤੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਕਾਂਗਰਸ ਯਕੀਨੀ ਤੌਰ `ਤੇ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਇੱਕ ਵਫ਼ਦ ਅੱਜ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਿਆ ਤੇ ਕਾਂਗਰਸ ਤੇ ਗਰਮ-ਖਿ਼ਆਲੀ ਸਿੱਖ ਆਗੂਆਂ ਵਿਚਾਲੇ ‘ਆਪਸੀ ਮਿਲੀਭੁਗਤ` ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਗੱਠਜੋੜ ਪੰਜਾਬ ਦੀ ਸ਼ਾਂਤੀ ਲਈ ਖ਼ਤਰਾ ਹੈ।
ਇਸ ਦੇ ਜਵਾਬ `ਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਹੁਣ ਅਕਾਲੀ-ਭਾਜਪਾ ਆਗੂ ਬੇਬੁਨਿਆਦ ਦੋਸ਼ ਲਾ ਰਹੇ ਹਨ। ‘ਅਕਾਲੀ-ਭਾਜਪਾ ਆਗੂਆਂ ਨੂੰ ਪਹਿਲਾਂ ਆਪਣੇ 10 ਸਾਲਾਂ ਦੇ ਕਾਰਜਕਾਲ ਨੂੰ ਜ਼ਰੂਰ ਚੇਤੇ ਕਰ ਲੈਣਾ ਚਾਹੀਦਾ ਹੈ, ਜਦੋਂ ਗੁੰਡੇ ਬਿਲਕੁਲ ਖੁੱਲ੍ਹੇ ਘੁੰਮਦੇ ਹੁੰਦੇ ਸਨ। ਹੁਣ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਫ਼ਰੀਦਕੋਟ ਰੈਲੀ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸਿ਼ਸ਼ ਕੀਤੀ ਸੀ ਪਰ ਉਨ੍ਹਾਂ ਦੀ ਅਜਿਹੀ ਸਾਜਿ਼ਸ਼ ਨਾਕਾਮ ਰਹੀ ਕਿਉਂਕਿ ਕੋਈ ਹਿੰਸਾ ਨਹੀਂ ਭੜਕੀ।`
ਉੱਧਰ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਹੁਣ ਚੋਣਾਂ ਦਾ ਲਾਹਾ ਲੈਣ ਲਈ ਨਸਿ਼ਆਂ ਤੇ ਤਾਕਤ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੂਬਾ ਚੋਣ ਕਮਿਸ਼ਨ ਤੋਂ ਸੂਬੇ `ਚ ਨੀਮ ਫ਼ੌਜੀ ਬਲ ਤਾਇਨਾਤ ਕਰਨ ਦੀ ਮੰਗ ਕੀਤੀ ਸੀ ਪਰ ਉਹ ਪ੍ਰਵਾਨ ਨਹੀਂ ਕੀਤੀ ਗਈ।