ਦੱਖਣੀ ਅਫਰੀਕਾ ਤੋਂ ਇੱਕ ਵੱਡੇ ਅਤੇ ਦੁਖਦਾਈ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਦੇਸ਼ ਦੇ ਵੈਸਟਰਨ ਕੇਪ ਸੂਬੇ ਵਿੱਚ ਇੱਕ ਰਾਸ਼ਟਰੀ ਰਾਜਮਾਰਗ ‘ਤੇ ਦੋ ਮਿੰਨੀ-ਬੱਸ ਟੈਕਸੀਆਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਅਧਿਕਾਰੀਆਂ ਅਨੁਸਾਰ, ਘਟਨਾ ਸਥਾਨ ‘ਤੇ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਕਈ ਹੋਰਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਹੈ। ਇਸ ਹਾਦਸੇ ਨੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ ਅਤੇ ਸਥਾਨਿਕ ਪ੍ਰਸ਼ਾਸਨ ਨੇ ਤੁਰੰਤ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

ਸਥਾਨਿਕ ‘ਰੋਡ ਟ੍ਰੈਫਿਕ ਮੈਨੇਜਮੈਂਟ ਕਾਰਪੋਰੇਸ਼ਨ’ (RTMC) ਅਤੇ ਸੂਬਾਈ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ ਕਰੀਬ 11:30 ਵਜੇ N1 ਹਾਈਵੇਅ ‘ਤੇ, ਪ੍ਰਿੰਸ ਐਲਬਰਟ ਅਤੇ ਲੀਊ-ਗਾਮਕਾ (Leeu-Gamka) ਦੇ ਵਿਚਕਾਰ—ਜੋ ਕੇਪ ਟਾਊਨ ਤੋਂ ਲਗਭਗ 380 ਕਿਲੋਮੀਟਰ ਦੂਰ —ਵਾਪਰਿਆ ਹੈ। ਮੁੱਢਲੀਆਂ ਰਿਪੋਰਟਾਂ ਅਨੁਸਾਰ, ਦੋ ਮਿੰਨੀ-ਬੱਸ ਟੈਕਸੀਆਂ ਪਹਿਲਾਂ ਬਹੁਤ ਜ਼ੋਰਦਾਰ ਢੰਗ ਨਾਲ ਆਹਮੋ-ਸਾਹਮਣੇ ਟਕਰਾ ਗਈਆਂ। ਟੱਕਰ ਇੰਨੀ ਭਿਆਨਕ ਸੀ ਕਿ ਪਿੱਛੋਂ ਆ ਰਿਹਾ ਇੱਕ ਤੀਜਾ ਵਾਹਨ ਤੁਰੰਤ ਬਾਅਦ ਉਨ੍ਹਾਂ ਨਾਲ ਆ ਟਕਰਾਇਆ। ਟੱਕਰ ਕਾਰਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਸੜਕ ‘ਤੇ ਚਾਰੇ ਪਾਸੇ ਮਲਬਾ ਖਿੱਲਰ ਗਿਆ।

ਇਹ ਹਾਦਸਾ ਵੈਸਟਰਨ ਕੇਪ ਸੂਬੇ ਦੀ ਇੱਕ ਰੁਝੇਵੇਂ ਭਰੀ ਸੜਕ ‘ਤੇ ਵਾਪਰਿਆ। ਸੂਚਨਾ ਮਿਲਦਿਆਂ ਹੀ ਐਮਰਜੈਂਸੀ ਟੀਮਾਂ, ਪੁਲਿਸ ਅਤੇ ਬਚਾਅ ਕਰਮਚਾਰੀ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕੁਝ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਸ਼ਾਸਨ ਨੇ ਬਚਾਅ ਅਤੇ ਜਾਂਚ ਕਾਰਜਾਂ ਕਾਰਨ N1 ਹਾਈਵੇਅ ਨੂੰ ਦੋਵਾਂ ਦਿਸ਼ਾਵਾਂ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਅਤੇ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਭੇਜਿਆ ਜਾ ਰਿਹਾ ਹੈ।

ਪੁਲਿਸ ਨੇ ਹਾਦਸੇ ਦੇ ਅਸਲ ਕਾਰਨ ਦਾ ਪਤਾ ਲਗਾਉਣ ਲਈ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਖਣੀ ਅਫਰੀਕਾ ਵਿੱਚ ਆਮ ਲੋਕਾਂ ਲਈ ਮਿੰਨੀ-ਬੱਸਾਂ ਆਵਾਜਾਈ ਦਾ ਮੁੱਖ ਸਾਧਨ ਹਨ, ਪਰ ਤੇਜ਼ ਰਫ਼ਤਾਰ ਅਤੇ ਸੜਕਾਂ ਦੀ ਖਸਤਾ ਹਾਲਤ ਕਾਰਨ ਇਸ ਤਰ੍ਹਾਂ ਦੇ ਹਾਦਸੇ ਅਕਸਰ ਚਿੰਤਾ ਦਾ ਵਿਸ਼ਾ ਬਣੇ ਰਹਿੰਦੇ ਹਨ।