ਵਾਸ਼ਿੰਗਟਨ, ਨੋਬੇਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਨੇ ਕਿਹਾ ਕਿ ਭਾਰਤ ਨੇ ਲੰਘੇ ਕੁਝ ਸਾਲਾਂ ਅੰਦਰ ਬਾਲ ਮਜ਼ਦੂਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਕਾਫੀ ਸ਼ਲਾਘਾਯੋਗ ਕਦਮ ਚੁੱਕੇ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ 2047 ਤੱਕ ਦੇਸ਼ ਦਾ ਹਰ ਬੱਚਾ ਸੁਰੱਖਿਅਤ ਤੇ ਸਿੱਖਿਅਤ ਹੋਵੇਗਾ। ਭਾਰਤ 2047 ’ਚ ਦੇਸ਼ ਦੀ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਮਨਾਏਗਾ। ਸੱਤਿਆਰਥੀ ਨੇ ਇੱਥੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਭਾਰਤ ਵਿੱਚ ਬਾਲ ਮਜ਼ਦੂਰੀ ਖਤਮ ਕਰਨ ਲਈ ਸਮਾਜਿਕ ਤੇ ਸਿਆਸੀ ਇੱਛਾ ਸ਼ਕਤੀ ਦੀ ਲੋੜ ਹੈ ਅਤੇ ਇਸ ਲਈ ਸਰਕਾਰ ਨੂੰ ਸਮਾਜ ਤੇ ਨਿੱਜੀ ਖੇਤਰ ਦੀ ਹਮਾਇਤ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ, ‘ਭਾਰਤ ਦੇ ਹਰ ਬੱਚੇ ਨੂੰ ਆਜ਼ਾਦੀ, ਸੁਰੱਖਿਆ, ਸਿੱਖਿਆ ਤੇ ਹਰ ਤਰ੍ਹਾਂ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਮੈਨੂੰ ਯਕੀਨ ਹੈ ਕਿ ਇਹ (2047 ਤੋਂ ਪਹਿਲਾਂ) ਹੋਵੇਗਾ।’ ਸ੍ਰੀ ਸੱਤਿਆਰਥੀ ਇੱਥੇ ਸ਼ਾਂਤੀ ਸਮਾਗਮਾਂ ’ਚ ਹਿੱਸਾ ਲੈਣ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਤੇ ਥਿੰਕ ਟੈਂਕ ਦੇ ਮੈਂਬਰਾਂ ਤੇ ਸੰਸਦ ਮੈਂਬਰਾਂ ਨਾਲ ਮਿਲਣ ਆਏ ਹੋਏ ਹਨ। ਉਨ੍ਹਾਂ ਕਿਹਾ, ‘ਇੱਕ ਤਰ੍ਹਾਂ ਨਾਲ ਜਦੋਂ ਮੈਂ ਸਮਾਜ ਦੇ ਆਖਰੀ ਵਿਅਕਤੀ ਬਾਰੇ ਗੱਲ ਕਰਦਾ ਹਾਂ ਤਾਂ ਮੇਰਾ ਨਜ਼ਰੀਆ ਮਹਾਤਮਾ ਗਾਂਧੀ ਤੋਂ ਪ੍ਰੇਰਿਤ ਹੁੰਦਾ ਹੈ। ਮੈਨੂੰ ਆਸ ਹੈ ਕਿ ਭਾਰਤ ਇਹ ਟੀਚਾ ਪੂਰਾ ਕਰਨ ਦੇ ਸਮਰੱਥ ਹੋਵੇਗਾ ਤੇ 2047 ਤੱਕ ਉਡੀਕ ਨਹੀਂ ਕਰਨੀ ਪਵੇਗੀ।