ਹੈਲੀਫੈਕਸ, 5 ਦਸੰਬਰ : ਕੈਨੇਡੀਅਨਜ਼ ਨੂੰ ਅਜੇ ਖਾਣ-ਪੀਣ ਦੇ ਮਾਮਲੇ ਵਿੱਚ ਮਹਿੰਗਾਈ ਦਾ ਹੋਰ ਸਾਹਮਣਾ ਕਰਵਾਉਣਾ ਪਵੇਗਾ।
ਕੈਨੇਡਾ ਵਿੱਚ ਫੂਡ ਦੀਆਂ ਕੀਮਤਾਂ ਇਸ ਸਾਲ ਹੋਰ ਵਧਣ ਦੀ ਸੰਭਾਵਨਾ ਹੈ। 2023 ਵਿੱਚ ਫੂਡ ਦੀਆਂ ਕੀਮਤਾਂ ਸੱਤ ਫੀ ਸਦੀ ਹੋਰ ਵਧਣ ਦੀ ਪੇਸ਼ੀਨਿਗੋਈ ਕੀਤੀ ਗਈ ਹੈ।ਚਾਰ ਲੋਕਾਂ ਦੇ ਟੱਬਰ ਲਈ ਗ੍ਰੌਸਰੀ ਦਾ ਕੁੱਲ ਸਾਲਾਨਾ ਖਰਚਾ 16,288 ਡਾਲਰ ਰਹਿਣ ਦੀ ਸੰਭਾਵਨਾ ਹੈ। ਇਹ ਇਸ ਸਾਲ ਨਾਲੋਂ ਵੀ 1,065 ਡਾਲਰ ਵੱਧ ਹੋਵੇਗਾ। ਇਹ ਖੁਲਾਸਾ ਸੋਮਵਾਰ ਨੂੰ ਕੈਨੇਡਾ ਦੇ ਫੂਡ ਪ੍ਰਾਈਸ ਰਿਪੋਰਟ ਦੇ ਜਾਰੀ ਹੋਏ 13ਵੇਂ ਅਡੀਸ਼ਨ ਵਿੱਚ ਹੋਇਆ।
ਇਸ ਰਿਪੋਰਟ ਤੇ ਸਟੈਟੇਸਟਿਕਸ ਕੈਨੇਡਾ ਦੀ ਰਿਪੋਰਟ ਅਨੁਸਾਰ ਕੈਨੇਡਾ ਵਿੱਚ 40 ਸਾਲ ਦੀ ਸਿੰਗਲ ਮਹਿਲਾ ਨੂੰ ਅਗਲੇ ਸਾਲ ਗ੍ਰੌਸਰੀ ਵਾਸਤੇ 3,740 ਡਾਲਰ ਦੇਣੇ ਪੈਣਗੇ ਜਦਕਿ ਇਸੇ ਉਮਰ ਦੇ ਇੱਕ ਸਿੰਗਲ ਵਿਅਕਤੀ ਲਈ 4,168 ਡਾਲਰ ਦੇਣੇ ਹੋਣਗੇ। ਇਸ ਰਿਪੋਰਟ ਦੇ ਲੀਡ ਆਥਰ ਤੇ ਡਲਹੌਜ਼ੀ ਯੂਨੀਵਰਸਿਟੀ ਦੇ ਫੂਡ ਡਿਸਟ੍ਰਿਬਿਊਸ਼ਨ ਐਂਡ ਪਾਲਿਸੀ ਦੇ ਪ੍ਰੋਫੈਸਰ ਸਿਲਵੀਅਨ ਸ਼ਾਰਲੇਬੌਇਸ ਨੇ ਆਖਿਆ ਕਿ ਖਾਣੇ ਦੀ ਕੀਮਤ 2023 ਦੀ ਸ਼ੁਰੂਆਤੀ ਛਿਮਾਹੀ ਵਿੱਚ ਵੱਧ ਰਹਿਣ ਦੀ ਉਮੀਦ ਹੈ।
ਅਗਲੇ ਸਾਲ ਫੂਡ ਦੀਆਂ ਕੀਮਤਾਂ ਕਈ ਕਾਰਨਾਂ ਕਰਕੇ ਜਿਵੇਂ ਕਲਾਈਮੇਟ ਚੇੱਂਜ, ਜੀਓਪੁਲੀਟਿਕਲ ਝਗੜਿਆਂ, ਐਨਰਜੀ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਵਾਧੇ ਤੇ ਕੋਵਿਡ-19 ਦੇ ਪ੍ਰਭਾਵਾਂ ਕਾਰਨ ਵੱਧ ਰਹਿ ਸਕਦੀਆਂ ਹਨ। ਫੂਡ ਦੀਆਂ ਕੀਮਤਾਂ ਵਿੱਚ ਕਰੰਸੀ ਵਿੱਚ ਆਉਣ ਵਾਲੇ ਉਤਰਾਅ ਚੜ੍ਹਾਅ ਕਾਰਨ ਵੀ ਅਸਰ ਪਵੇਗਾ। ਕਮਜ਼ੋਰ ਕੈਨੇਡੀਅਨ ਡਾਲਰ ਕਾਰਨ ਲੈਟਸ ਵਰਗੀਆਂ ਸਬਜ਼ੀਆਂ ਹੋਰ ਮਹਿੰਗੀਆਂ ਹੋ ਸਕਦੀਆਂ ਹਨ।