ਓਟਵਾ, 17 ਜੂਨ : ਸਿਹਤ ਮੰਤਰੀ ਜਿਨੈੱਟ ਪੈਟਿਪਸ ਟੇਲਰ ਅਨੁਸਾਰ ਫੈਡਰਲ ਐਨਡੀਪੀ ਵੱਲੋਂ 2020 ਤੱਕ ਨੈਸ਼ਨਲ ਯੂਨੀਵਰਸਲ ਫਾਰਮਾਕੇਅਰ ਯੋਜਨਾ ਲਿਆਉਣ ਦਾ ਕੀਤਾ ਜਾ ਰਿਹਾ ਵਾਅਦਾ ਯਥਾਰਥਵਾਦੀ ਨਹੀਂ ਹੈ। ਪਰ ਟੇਲਰ ਇਹ ਨਹੀਂ ਦੱਸ ਸਕੀ ਕਿ ਲਿਬਰਲ ਇਸ ਪ੍ਰੋਗਰਾਮ ਨੂੰ ਕਦੋਂ ਤੱਕ ਸੁ਼ਰੂ ਕਰਨ ਬਾਰੇ ਸੋਚ ਰਹੇ ਹਨ।
ਬੁੱਧਵਾਰ ਨੂੰ ਨੈਸ਼ਨਲ ਫਾਰਮਾਕੇਅਰ ਪਲੈਨ ਦਾ ਅਧਿਐਨ ਕਰ ਰਹੇ ਪੈਨਲ ਵੱਲੋਂ ਇਸ ਸਬੰਧੀ ਫਾਈਨਲ ਰਿਪੋਰਟ ਜਾਰੀ ਕੀਤੀ ਗਈ। ਇਸ ਵਿੱਚ ਆਖਿਆ ਗਿਆ ਕਿ ਇਸ ਸਮੇਂ ਨੁਸਖਿਆਂ ਉੱਤੇ ਆਧਾਰਿਤ ਡਰੱਗ ਯੋਜਨਾਂ ਨੂੰ ਨੈਸ਼ਨਲ ਸਿਸਟਮ ਬਣਾਉਣ ਲਈ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਫੈਡਰਲ ਸਰਕਾਰ ਨਾਲ ਰਲ ਕੇ ਕੰਮ ਕਰਨਾ ਹੋਵੇਗਾ। ਰਿਪੋਰਟ ਵਿੱਚ ਆਖਿਆ ਗਿਆ ਕਿ ਨੁਸਖਿਆ ਵਾਲੀ ਦਵਾਈ ਦੀ ਲਾਗਤ ਪੂਰੀ ਕਰਨ ਨਾਲ ਹਰ ਪਰਿਵਾਰ ਨੂੰ ਸਾਲਾਨਾ 350 ਡਾਲਰ ਦੀ ਬਚਤ ਹੋਵੇਗੀ। ਹਾਲਾਂਕਿ 2027 ਤੱਕ ਇਸ ਪ੍ਰੋਗਰਾਮ ਨੂੰ ਚਲਾਉਣ ਦੀ ਲਾਗਤ 15 ਬਿਲੀਅਨ ਡਾਲਰ ਤੱਕ ਪਹੁੰਚ ਸਕਦੀ ਹੈ।
ਲਿਬਰਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਰਿਪੋਰਟ ਨੂੰ ਸਵੀਕਾਰ ਕਰ ਲਿਆ ਗਿਆ ਹੈ ਤੇ ਉਹ ਅਜਿਹੇ ਯੂਨੀਵਰਸਲ ਫਾਰਮਾਕੇਅਰ ਸਿਸਟਮ ਉੱਤੇ ਕੰਮ ਕਰਨਗੇ ਜਿਸ ਤੱਕ ਸਾਰੇ ਕੈਨੇਡੀਅਨਾਂ ਦੀ ਪਹੁੰਚ ਹੋਵੇਗੀ। ਹਾਲਾਂਕਿ ਐਨਡੀਪੀ ਵੱਲੋਂ ਇਸ ਤਰ੍ਹਾਂ ਦੀ ਯੋਜਨਾ ਤੁਰੰਤ ਲਾਗੂ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਇਹ ਵਾਅਦਾ ਕੀਤਾ ਗਿਆ ਹੈ ਕਿ ਜੇ ਉਨ੍ਹਾਂ ਦੀ ਪਾਰਟੀ, ਜੋ ਕਿ ਇਸ ਸਮੇਂ ਤੀਜੇ ਸਥਾਨ ਉੱਤੇ ਚੱਲ ਰਹੀ ਹੈ, 2019 ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਉਹ 2020 ਤੱਕ ਯੂਨੀਵਰਸਲ ਨੈਸ਼ਨਲ ਫਾਰਮਾਕੇਅਰ ਪਲੈਨ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਦਾ ਤਾਂ ਇਹ ਵੀ ਆਖਣਾ ਹੈ ਕਿ ਇਸ ਸਬੰਧ ਵਿੱਚ ਖਰਚ ਕੀਤੇ ਜਾਣ ਵਾਲੇ ਕਈ ਬਿਲੀਅਨ ਡਾਲਰ ਕਾਰਗਰ ਹੀ ਸਿੱਧ ਹੋਣਗੇ।
ਇਸ ਹਫਤੇ ਇੱਕ ਬਿਆਨ ਵਿੱਚ ਐਨਡੀਪੀ ਹੈਲਥ ਕ੍ਰਿਟਿਕ ਡੌਨ ਡੇਵੀਜ਼ ਨੇ ਆਖਿਆ ਕਿ ਸਾਨੂੰ ਇਹ ਯੋਜਨਾ ਹੁਣ ਲਾਗੂ ਕੀਤੇ ਜਾਣ ਦੀ ਲੋੜ ਹੈ। ਇਸ ਸਬੰਧ ਵਿੱਚ ਕੈਨੇਡੀਅਨਾਂ ਨੇ ਕਈ ਦਹਾਕਿਆਂ ਤੱਕ ਉਡੀਕ ਕੀਤੀ ਹੈ। ਲੋਕ ਬਿਮਾਰ ਪੈ ਰਹੇ ਹਨ ਤੇ ਇੱਥੋਂ ਤੱਕ ਕਿ ਮਰ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਦਵਾਈਆਂ ਤੱਕ ਪਹੁੰਚ ਹੀ ਨਹੀਂ ਹੈ।