ਓਟਵਾ, 14 ਜੂਨ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਾਪਾਨ ਵਿੱਚ ਹੋਣ ਜਾ ਰਹੀ ਜੀ-20 ਸਿਖਰ ਵਾਰਤਾ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਕਰਨ ਲਈ ਅਗਲੇ ਹਫਤੇ ਵਾਸਿ਼ੰਗਟਨ ਡੀਸੀ ਜਾਣਗੇ। ਟਰੰਪ ਨਾਲ ਆਪਣੀ ਇਸ ਮੁਲਾਕਾਤ ਦੌਰਾਨ ਟਰੂਡੋ ਚੀਨ ਨਾਲ ਕੈਨੇਡਾ ਦੇ ਸਬੰਧਾਂ ਤੇ ਨਵੀਂ ਨਾਫਟਾ ਡੀਲ ਦੀ ਪੁਸ਼ਟੀ ਬਾਰੇ ਗੱਲ ਕਰਨਗੇ।
ਪ੍ਰਧਾਨ ਮੰਤਰੀ ਦੇ ਆਫਿਸ ਅਨੁਸਾਰ 20 ਜੂਨ ਨੂੰ ਦੋਵੇਂ ਆਗੂ ਕਈ ਤਰ੍ਹਾਂ ਦੇ ਮੁੱਦਿਆਂ ਜਿਵੇਂ ਕਿ ਟਰੇਡ ਸਬੰਧੀ ਮੁੱਦਾ, ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਮਾਈਕਲ ਸਪੇਵਰ ਤੇ ਮਾਈਕਲ ਕੋਵਰਿਗ ਦੇ ਮੁੱਦੇ ਬਾਰੇ ਵਿਚਾਰ ਵਟਾਂਦਰਾ ਕਰਨਗੇ। ਜਿ਼ਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਅਮਰੀਕਾ ਦੇ ਕਹਿਣ ਉੱਤੇ ਚੀਨ ਦੀ ਟੈਲੀਕਾਮ ਕੰਪਨੀ ਹੁਆਵੇਈ ਦੀ ਸੀਨੀਅਰ ਐਗਜ਼ੈਕਟਿਵ ਨੂੰ ਵੈਨਕੂਵਰ ਤੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦੋਵਾਂ ਕੈਨੇਡੀਅਨਾਂ ਨੂੰ ਚੀਨ ਵਿੱਚ ਨਜ਼ਰਬੰਦ ਕਰ ਲਿਆ ਗਿਆ ਸੀ।
ਟਰੂਡੋ ਦੇ ਆਫਿਸ ਅਨੁਸਾਰ ਦੋਵੇਂ ਆਗੂ ਵਿਸ਼ਵਵਿਆਪੀ ਚੁਣੌਤੀਆਂ ਦੇ ਨਾਲ ਨਾਲ ਚੀਨ ਵੱਲੋਂ ਗਲਤ ਢੰਗ ਨਾਲ ਨਜ਼ਰਬੰਦ ਕਰਕੇ ਰੱਖੇ ਗਏ ਦੋ ਕੈਨੇਡੀਅਨਾਂ ਦੇ ਮੁੱਦੇ ਨੂੰ ਵਿਚਾਰਨਗੇ। ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਦਾ ਕਹਿਣਾ ਹੈ ਕਿ 28-29 ਜੂਨ ਨੂੰ ਓਸਾਕਾ, ਜਾਪਾਨ ਵਿੱਚ ਹੋਣ ਜਾ ਰਹੀ ਜੀ-20 ਸਿਖਰ ਵਾਰਤਾ ਦੌਰਾਨ ਟਰੰਪ ਕੋਵਰਿਗ ਤੇ ਸਪੇਵਰ ਦੀ ਹੋਣੀ ਬਾਰੇ ਚੀਨ ਦੇ ਰਾਸ਼ਟਰਪਤੀ ਜ਼ੀ ਜਿ਼ਨਪਿੰਗ ਨਾਲ ਗੱਲਬਾਤ ਕਰਨਗੇ।
ਇਸ ਦੌਰੇ ਬਾਰੇ ਬਿਆਨ ਜਾਰੀ ਕਰਦਿਆਂ ਟਰੂਡੋ ਨੇ ਆਖਿਆ ਕਿ ਨਵੀਂ ਨਾਫਟਾ ਡੀਲ ਦੀ ਪੁਸ਼ਟੀ ਲਈ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਨ ਲਈ ਉਹ ਤਾਂਘਵਾਨ ਹਨ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਅਮਰੀਕਾ ਨਾਲ ਆਪਣੀ ਟਰੇਡ ਤੇ ਆਰਥਿਕ ਭਾਈਵਾਲੀ ਨੂੰ ਮ਼ਜਬੂਤ ਕਰਨ ਵੱਲ ਵੀ ਧਿਆਨ ਦੇ ਰਹੇ ਹਾਂ।