ਵਾਸ਼ਿੰਗਟਨ, 3 ਨਵੰਬਰ
ਭਾਰਤ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਮਰੀਕੀ ਸੰਸਦ ਮੈਂਬਰ ਬਰੈਂਡਨ ਬੋਇਲ ਨੇ ਨਸਲਕੁਸ਼ੀ ਦੇ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਪੈਨਸਿਲਵੇਨੀਆ ਦੇ ਸੰਸਦ ਮੈਂਬਰ ਨੇ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਕਿਹਾ,‘ਸਪੀਕਰ ਸਾਹਿਬ ਮੈਂ ਨਵੰਬਰ 1984 ਵਿੱਚ ਭਾਰਤ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਬਾਰੇ ਗੱਲ ਕਰਨਾ ਚਾਹੁੰਦਾ ਹਾਂ, ਜਿਸ ਨੂੰ ਸਿੱਖ ਨਸਲਕੁਸ਼ੀ ਵੀ ਕਿਹਾ ਜਾਂਦਾ ਹੈ।’ ਭਾਰਤ ਦੀ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਉਨ੍ਹਾਂ ਦੇ ਦੋ ਸਿੱਖ ਅੰਗ ਰੱਖਿਅਕਾਂ ਵੱਲੋਂ ਹੱਤਿਆ ਕਰਨ ਤੋਂ ਬਾਅਦ ਦੇਸ਼ ਵਿੱਚ ਸਿੱਖ ਵਿਰੋਧੀ ਦੰਗੇ ਭੜਕ ਗਏ ਸਨ। ਸ੍ਰੀ ਬੋਇਲ ਨੇ ਕਿਹਾ ਕਿ ਅੱਜ ਅਮਰੀਕਾ ਵਿੱਚ ਸਵਾ ਲੱਖ ਤੋਂ ਵੱਧ ਸਿੱਖ ਹਨ, ਜੋ 130 ਸਾਲ ਪਹਿਲਾਂ ਇੱਥੇ ਆਉਣੇ ਸ਼ੁਰੂ ਹੋਏ ਸਨ। ਉਨ੍ਹਾਂ ਕਿਹਾ, ‘’ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 1 ਨਵੰਬਰ 1984 ਨੂੰ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਕਈ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਉਸ ਦਿਨ ਤੜਕੇ ਪਹਿਲੇ ਸਿੱਖ ਵਿਅਕਤੀ ਨੂੰ ਮਾਰਿਆ ਗਿਆ ਸੀ ਅਤੇ ਹਿੰਸਾ ਤਿੰਨ ਦਿਨਾਂ ਤੱਕ ਚੱਲੀ ਸੀ, ਜਿਸ ਵਿੱਚ ਸਿੱਖ ਭਾਈਚਾਰੇ ਦੇ ਹਜ਼ਾਰਾਂ ਲੋਕ ਮਾਰੇ ਗਏ ਸਨ। ਇਸ ਕਤਲੇਆਮ ਤੋਂ ਬਾਅਦ 20,000 ਸਿੱਖਾਂ ਨੂੰ ਭੱਜਣ ਲਈ ਮਜਬੂਰ ਕੀਤਾ ਗਿਆ ਤੇ ਅਣਗਿਣਤ ਲੋਕਾਂ ਨੂੰ ਉਜਾੜ ਦਿੱਤਾ ਗਿਆ।