ਪਟਿਆਲਾ, 7 ਜੂਨ
ਇੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਜੂਨ 1984 ਵਿੱਚ ਸਮੇਂ ਦੀ ਕੇਂਦਰੀ ਹਕੂਮਤ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ’ਤੇ ਕੀਤੇ ਫ਼ੌਜੀ ਹਮਲੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਰਦਾਸ ਕੀਤੀ।
ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਜੂਨ 1984 ਦਾ ਸਾਕਾ ਕਦੇ ਨਾ ਭੁੱਲਣ ਵਾਲੀ ਦਾਸਤਾਂ ਹੈ। ਉਨ੍ਹਾਂ ਕਿਹਾ ਕਿ ਅਣਖ ਤੇ ਗ਼ੈਰਤ ਨਾਲ ਜਿਊਣ ਵਾਲੇ ਹੀ ਸਮੇਂ ਦੀਆਂ ਜਬਰ ਢਾਹੁਣ ਵਾਲੀਆਂ ਤਾਕਤਾਂ ਨੂੰ ਸਬਕ ਸਿਖਾ ਸਕਦੇ ਹਨ। ਸ਼ਹੀਦੀ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਵੱਲੋਂ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅਰਦਾਸ ਕੀਤੀ ਗਈ। ਅਰਦਾਸ ਵਿੱਚ ਹਰਪਾਲ ਜੁਨੇਜਾ, ਸ਼ਵਿੰਦਰ ਸਿਘ ਸਭਰਵਾਲ, ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਬੀਬੀ ਹਰਪ੍ਰੀਤ ਕੌਰ, ਮਹਿੰਦਰ ਸਿੰਘ ਲਾਲਵਾ ਹਾਜ਼ਰ ਸਨ। ਇਸੇ ਤਰ੍ਹਾਂ ਹਲਕਾ ਸਨੌਰ ਦੀਆਂ ਸੰਗਤਾਂ ਵੱਲੋਂ ਘੱਲੂਘਾਰਾ ਦਿਵਸ ਸਬੰਧੀ ਸਮਾਗਮ ਹਲਕੇ ਅਧੀਨ ਪੈਂਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਕੀਤਾ ਗਿਆ। ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ, ‘‘ਨਾ ’84 ਭੁੱਲਿਆ, ਨਾ ਅਬਦਾਲੀ ਅਤੇ ਨਾ ਹੀ ਭੁੱਲੇਗੀ ਇੰਦਰਾ ਗਾਂਧੀ ਕਿਉਂਕਿ 34 ਸਾਲ ਬਾਅਦ ਵੀ ਉਹ ਜ਼ਖ਼ਮ ਅਜੇ ਹਰੇ ਹਨ, ਜਦੋਂ ਆਪਣੇ ਹੀ ਮੁਲਕ ਦੀ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਦੇ ਅੰਦਰ ਫੌਜਾਂ ਭੇਜ ਦਿੱਤੀਆਂ ਸਨ।’’