ਚੰਡੀਗੜ, 31 ਜਨਵਰੀ: ਪੰਜਾਬ ਪੁਲਿਸ ਵੱਲੋਂ ਨਸ਼ਾ-ਅਤਿਵਾਦ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ ਇਸ ਦੀਆਂ ਤਾਰਾਂ ਭਾਰਤ ਵਿੱਚ ਨਸ਼ਿਆਂ ਦੇ ਸਭ ਤੋਂ ਵੱਡੇ ਸਰਗਣੇ ਨਾਲ ਜੁੜਨ ਅਤੇ ਇਸ ਮਾਮਲੇ ਵਿੱਚ ਅਕਾਲੀ ਸਰਕਾਰ ਵੇਲੇ ਨਿਯੁਕਤ ਕੀਤੇ ਐਸ.ਐਸ.ਬੋਰਡ ਦੇ ਸਾਬਕਾ ਮੈਂਬਰ ਦੀ ਵੀ ਸ਼ੱਕੀ ਸ਼ਮੂਲੀਅਤ ਦੇ ਸੰਦਰਭ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ, ਚਾਹੇ ਉਹ ਕਿਸੇ ਵੀ ਰਾਜਸੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ।

ਮੁੱਖ ਮੰਤਰੀ ਨੇ ਸਾਫ ਕੀਤਾ ਕਿ ਉਨਾਂ ਦੀ ਸਰਕਾਰ ਨੇ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਕਿਸੇ ਵੀ ਤਸਕਰ, ਗੈਂਗਸਟਰ ਤੇ ਅਤਿਵਾਦੀ ਨੂੰ ਕੁਸਕਣ ਨਹੀਂ ਦਿੱਤਾ ਅਤੇ ਨਾ ਹੀ ਭਵਿੱਖ ਵਿੱਚ ਸਿਰ ਚੁੱਕਣ ਦੇਣਗੇ ਜਿਸ ਦੇ ਸਿੱਟੇ ਵਜੋਂ ਪੰਜਾਬ ਵਿੱਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਵੀ ਭਾਰੀ ਗਿਰਾਵਟ ਆਈ ਹੈ। ਇਹ ਸਰਕਾਰ ਅਤੇ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਹੀ ਸੰਭਵ ਹੋਇਆ ਹੈ। 2018 ਵਿੱਚ 114 ਮੌਤਾਂ ਹੋਈਆਂ ਸਨ ਜਦੋਂ ਕਿ 2019 ਵਿੱਚ ਇਹ ਗਿਣਤੀ 47 ਰਹਿ ਗਈ। ਇਥੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਉਦੋਂ ਤੱਕ ਜੰਗ ਜਾਰੀ ਰੱਖੇਗੀ ਜਦੋਂ ਤੱਕ ਇਹ ਸਮੱਸਿਆ ਜੜੋਂ ਨਹੀਂ ਖਤਮ ਹੁੰਦੀ।

ਬੀਤੀ ਰਾਤ ਹੋਈਆਂ ਗਿ੍ਰਫਤਾਰੀਆਂ ਅਤੇ ਬਰਾਮਦਗੀ ਦੇ ਵੇਰਵੇ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੰਮਿ੍ਰਤਸਰ ਸਰਹੱਦੀ ਖੇਤਰ ਦੇ ਸੁਲਤਾਨਵਿੰਡ ਪਿੰਡ ਦੇ ਘਰ ਵਿੱਚੋਂ ਪੁਲਿਸ ਨੇ 195 ਕਿਲੋ ਦੇ ਕਰੀਬ ਹੈਰੋਇਨ ਕੈਮੀਕਲ ਸਮੇਤ ਬਰਾਮਦ ਕੀਤੀ ਹੈ। ਇਹ ਘਰ ਕਥਿਤ ਤੌਰ 

’ਤੇ ਅਨਵਰ ਮਸੀਹ ਨਾਲ ਸਬੰਧਤ ਹੈ ਜੋ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਅਧੀਨ ਸੇਵਾਵਾਂ ਚੋਣ (ਐਸ.ਐਸ.) ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਸੀਹ ਦੀ ਸ਼ਮੂਲੀਅਤ ਬਾਰੇ ਜਾਂਚ ਪ੍ਰਗਤੀ ਅਧੀਨ ਹੈ ਜੋ ਇਹ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਇਹ ਘਰ ਉਸ ਵਿਅਕਤੀ ਨੂੰ ਕਿਰਾਏ ’ਤੇ ਦਿੱਤਾ ਸੀ ਜਿਸ ਨੂੰ ਐਸ.ਟੀ.ਐਫ. ਬਾਰਡਰ ਰੇਂਜ ਨੇ ਬੀਤੀ ਰਾਤ ਗਿ੍ਰਫਤਾਰ ਕੀਤਾ ਹੈ। ਉਨਾਂ ਅੱਗੇ ਕਿਹਾ ਕਿ ਹਾਲਾਂਕਿ ਮਸੀਹ ਆਪਣੇ ਦਾਅਵੇ ਨੂੰ ਪੁਖਤਾ ਕਰਨ ਲਈ ਕੋਈ ਵੀ ਕਿਰਾਏ ਦੇ ਸਬੂਤ ਦਾ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਅਤੇ ਨਾ ਹੀ ਉਸ ਇਲਾਕੇ ਦੇ ਲੋਕਾਂ ਨੂੰ ਇਸ ਗੱਲ ਦਾ ਇਲਮ ਹੈ ਕਿ ਕੋਈ ਕਿਰਾਏਦਾਰ ਇਥੇ ਰਹਿੰਦਾ ਸੀ। ਮੁੱਢਲੀ ਜਾਂਚ ਦੌਰਾਨ ਪੁਸ਼ਟੀ ਹੋਈ ਹੈ ਕਿ ਮੁਲਜ਼ਮ ਪਿਛਲੇ ਇਕ ਮਹੀਨੇ ਤੋਂ ਇਸ ਘਰ ਨੂੰ ਵਰਤ ਰਿਹਾ ਸੀ।

ਇਸ ਬਰਾਮਦਗੀ ਅਤੇ ਗਿ੍ਰਫਤਾਰੀਆਂ ਲਈ ਪੁਲਿਸ ਨੂੰ ਵਧਾਈ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਨਸ਼ਿਆਂ ਦਾ ਕਾਰੋਬਾਰ ਭਾਰਤ ਵਿੱਚ ਨਸ਼ਿਆਂ ਦੇ ਸਭ ਤੋਂ ਵੱਡੇ ਸਰਗਣੇ ਸਿਮਰਨਜੀਤ ਸਿੰਘ ਸੰਧੂ ਨਾਲ ਸਬੰਧ ਰੱਖਦਾ ਹੈ ਜਿਸ ਨੂੰ ਹਾਲ ਹੀ ਵਿੱਚ ਇਟਲੀ ਤੋਂ ਗਿ੍ਰਫਤਾਰ ਕੀਤਾ ਗਿਆ ਹੈ। ਉਨਾਂ ਦੀ ਸਰਕਾਰ ਸੰਧੂ ਦਾ ਰਿਮਾਂਡ ਵੀ ਮੰਗੇਗੀ ਜਿਸ ਕੋਲ ਆਸਟਰੇਲੀਅਨ ਪਾਸਪੋਰਟ ਹੈ ਅਤੇ ਜਿਸ ਨੂੰ ਇਟਲੀ ਤੋਂ ਗੁਜਰਾਤ ਅਧਿਕਾਰੀਆਂ ਵੱਲੋਂ ਇੰਟਰਪੋਲ ਪੁਲਿਸ ਕੋਲ ਨਜ਼ਰਬੰਦ ਕੀਤਾ ਗਿਆ। ਫੜੇ ਗਈ ਖੇਪ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ 300 ਕਿਲੋ ਨਸ਼ਾ ਪਿਛਲੇ ਸਾਲ ਗੁਜਰਾਤ ਦੇ ਮਾਂਡਵੀ ਵਿਖੇ ਪੁੱਜਿਆ ਸੀ ਜਿੱਥੋਂ ਤਸਕਰ ਕਰ ਕੇ 200 ਕਿਲੋ ਪੰਜਾਬ ਲਿਆਂਦਾ ਗਿਆ। ਖੇਪ ਦਾ ਖੁਲਾਸਾ ਸੰਧੂ ਤੋਂ ਲੱਗਿਆ ਸੀ ਜਦੋਂ ਕਿ ਇਸ ਮਾਮਲੇ ਵਿੱਚ ਸ਼ਾਮਲ ਹੋਰ ਵੱਡੀਆਂ ਮੱਛੀਆਂ ਨੂੰ ਫੜਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਬੀਤੀ ਰਾਤ ਹੋਈਆਂ ਬਰਾਮਦਗੀਆਂ ਅਤੇ ਗਿ੍ਰਫਤਾਰੀਆਂ ਦੇ ਹੋਰ ਵੇਰਵੇ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਅਫਗਾਨੀ ਨਾਗਰਿਕ ਅਰਮਾਨ ਬਾਸ਼ਰਮਲ ਸਮੇਤ ਛੇ ਵਿਅਕਤੀਆਂ ਨੂੰ ਫੜਿਆ ਗਿਆ ਹੈ ਜਿਨਾਂ ਕੋਲੋਂ 194.15 ਕਿਲੋ ਹੈਰੋਇਨ ਤੇ ਕਈ ਕਿਲੋ ਕੈਮੀਕਲ ਬਰਾਮਦ ਕੀਤੀ ਗਈ ਹੈ। ਅਰਮਾਨ ਜੋ ਇਕ ਹਫਤਾ ਪਹਿਲਾ ਪੰਜਾਬ ਆਇਆ ਸੀ, ਕੋਲੋਂ ਹੈਰੋਇਨ ਨੂੰ ਸੋਧਣ ਅਤੇ ਇਸ ਨੂੰ ਹੋਰਨਾਂ ਉਤਪਾਦਾਂ ਵਿੱਚ ਮਿਲਾਉਣ ਵਾਲੇ ਉਪਕਰਣ ਵੀ ਜ਼ਬਤ ਕੀਤੇ ਗਏ ਹਨ।

ਮੁੱਖ ਮੰਤਰੀ ਨੇ ਇਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਸੰਧੂ ਦੀ ਪੁੱਛ-ਪੜਤਾਲ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਵਿੱਚ ਹੀ ਖੁਲਾਸਾ ਹੋਵੇਗਾ ਕਿ ਇਹ ਹੈਰੋਇਨ ਪੰਜਾਬ ਵਾਸਤੇ ਆਈ ਸੀ ਜਾਂ ਇਥੋਂ ਹੋਰਨਾਂ ਸੂਬਿਆਂ ਵਿੱਚ ਵੰਡਣ ਲਈ ਆਈ ਸੀ।

ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਉਨਾਂ ਦੀ ਸਰਕਾਰ ਕਿੰਨੀ ਕੁ ਸਫਲ ਰਹੀ ਹੈ, ਦੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਦੀਆਂ ਕੋਸ਼ਿਸ਼ਾਂ ਸਦਕਾ ਨਸ਼ੇ ਦੇ ਕਾਰੋਬਾਰ ਨੂੰ ਵੱਡੀ ਠੱਲ ਪਈ ਹੈ। ਉਨਾਂ ਅੰਕੜੇ ਦੱਸਦਿਆਂ ਕਿਹਾ ਕਿ ਮਾਰਚ 2017 ਤੋਂ ਜਨਵਰੀ 2020 (ਮੌਜੂਦਾ ਮਾਮਲੇ ਤੋਂ ਪਹਿਲਾਂ ਤੱਕ) ਐਨ.ਡੀ.ਪੀ.ਐਸ. ਐਕਟ ਤਹਿਤ 35,500 ਕੇਸ ਦਰਜ ਹੋਏ। ਇਸ ਸਮੇਂ ਦੌਰਾਨ 44,500 ਤਸਕਰਾਂ/ਗਰੋਹਾਂ ਨੂੰ ਗਿ੍ਰਫਤਾਰ ਕੀਤਾ ਗਿਆ ਜਦੋਂ ਕਿ 11000 ਮੌਜੂਦਾ ਸਮੇਂ ਜੇਲਾਂ ਵਿੱਚ ਬੰਦ ਹਨ। ਉਨਾਂ ਕਿਹਾ ਕਿ ਇਸ ਸਮੇਂ ਦੌਰਾਨ 1100 ਕਿਲੋ ਹੈਰੋਇਨ ਫੜੀ ਗਈ। ਇਸ ਤੋਂ ਇਲਾਵਾ ਬੀਤੇ ਕੱਲ ਫੜੀ ਗਈ 194.15 ਕਿਲੋ ਹੈਰੋਇਨ ਵੱਖਰੀ ਹੈ।

ਉਨਾਂ ਕਿਹਾ ਕਿ ਪ੍ਰੋਤਸਾਹਨ ਪ੍ਰੋਗਰਾਮ ਦੇ ਹਿੱਸੇ ਵਜੋਂ ਜਿਹੜੀਆਂ ਪੰਚਾਇਤਾਂ 100 ਫੀਸਦੀ ਨਸ਼ਾ ਮੁਕਤ ਪਿੰਡ ਹੋਣ ਦੀ ਰਿਪੋਰਟ ਪੇਸ਼ ਕਰਨਗੀਆਂ, ਉਨਾਂ ਨੂੰ ਵਿਸ਼ੇਸ਼ ਗਰਾਂਟ ਦਿੱਤੀ ਜਾਵੇਗੀ। ਜਿੱਥੋਂ ਤੱਕ ਮੁੜ ਵਸੇਬੇ ਦਾ ਸਬੰਧ ਹੈ, ਬੱਡੀ ਤੇ ਡੈਪੋ ਪ੍ਰੋਗਰਾਮ ਸਫਲਤਾ ਨਾਲ ਚੱਲ ਰਹੇ ਹਨ। ਹੁਣ ਤੱਕ 3.5 ਲੱਖ ਨਸ਼ਾ ਪੀੜਤ ਮੁੜ ਵਸੇਬਾ, ਓਟ ਕਲੀਨਕਾਂ ਅਤੇ ਨਸ਼ਾ ਛੁਡਾੳੂ ਕੇਂਦਰਾਂ ਵਿੱਚ ਜਾ ਚੁੱਕੇ ਹਨ।

ਪੰਜਾਬ ਵਿੱਚ ਹਾਲੀਆ ਸਮੇਂ ਦੌਰਾਨ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਲਈ ਡਰੋਨਾਂ ਦੀ ਵਰਤੋਂ ਨੂੰ ਸਵਿਕਾਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬੇ ਲਈ ਗੰਭੀਰ ਮਸਲਾ ਹੈ ਅਤੇ ਉਨਾਂ ਦੀ ਸਰਕਾਰ ਨੇ ਕੇਂਦਰ ਤੋਂ ਇਸ ਸਮੱਸਿਆ ਨਾਲ ਨਜਿੱਠਣ ਲਈ ਡਰੋਨ ਰੋਕੂ ਉਪਕਰਣ ਮੰਗੇ ਹਨ। ਉਨਾਂ ਕਿਹਾ ਕਿ ਬਦਕਿਸਮਤੀ ਨਾਲ ਪੰਜਾਬ ਦਿੱਲੀ ਦੇ ਨਾਲ ਪਿਛਲੇ ਕੁਝ ਸਾਲਾਂ ਤੋਂ ਨਸ਼ਿਆਂ ਦੇ ਮੁਨਾਫਾ ਬਜ਼ਾਰ ਵਜੋਂ ਉਭਰਿਆ ਹੈ ਜਿੱਥੇ ਹੋਰਨਾਂ ਸੂਬਿਆਂ ਤੋਂ ਆਏ ਤਸਕਰਾਂ ਅਤੇ ਪਾਕਿਸਤਾਨ ਤੋਂ ਭੇਜੇ ਜਾਂਦੇ ਨਸ਼ਾ ਅਤਿਵਾਦੀਆਂ ਵੱਲੋਂ ਨਸ਼ੇ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਹੋਰਨਾਂ ਉਤਰੀ ਸੂਬਿਆਂ ਨਾਲ ਇਕੱਠਿਆਂ ਮਿਲ ਕੇ ਕੰਮ ਕਰ ਰਹੀ ਹੈ ਅਤੇ ਸਮੱਸਿਆਂ ਦੇ ਖਾਤਮੇ ਲਈ ਹਰ ਤਰਾਂ ਦੀ ਜਾਣਕਾਰੀ ਸਾਂਝੀ ਕਰ ਰਹੀ ਹੈ। ਇਨਾਂ ਸੂਬਿਆਂ ਦੇ ਡੀ.ਜੀ.ਪੀਜ਼ ਵੱਲੋਂ ਹਰ ਮਹੀਨੇ ਮੀਟਿੰਗ ਕੀਤੀ ਜਾਂਦੀ ਹੈ ਜਿਸ ਨਾਲ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਵਿੱਚ ਅਹਿਮ ਪ੍ਰਗਤੀ ਹੋਈ। ਉਨਾਂ ਕਿਹਾ ਕਿ ਇਨਾਂ ਸੂਬਿਆਂ ਦੇ ਮੁੱਖ ਮੰਤਰੀ ਵੀ ਹਰ ਛੇ ਮਹੀਨੇ ਬਾਅਦ ਮੀਟਿੰਗ ਲਈ ਸਹਿਮਤ ਹੋਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਵਿਸ਼ਵ ਵਿਆਪੀ ਸਮੱਸਿਆ ਹੈ ਅਤੇ ਇਹ ਇਕ ਸਖਤ ਲੜਾਈ ਹੈ ਜਿਸ ਨੂੰ ਉਨਾਂ ਦੀ ਸਰਕਾਰ ਪੂਰੀ ਕੋਸ਼ਿਸ਼ਾਂ ਨਾਲ ਲੜ ਰਹੀ ਹੈ। ਉਨਾਂ ਦੱਸਿਆ ਕਿ ਉਨਾਂ ਦੀ ਸਰਕਾਰ ਵੱਲੋਂ ਕੈਨੇਡੇ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਨਸ਼ਾ ਡੀਲਰਾਂ ਦੀ ਸੂਚੀ ਸੌਂਪੀ ਗਈ ਸੀ ਜਿਸ ਉਪਰੰਤ ਕੁਝ ਸਕਰਾਤਮਕ ਬਦਲਾਅ ਆਏ ਸਨ ਅਤੇ ਕੈਨੇਡੀਅਨ ਅਧਿਕਾਰੀਆਂ ਵੱਲੋਂ ਤਸਕਰਾਂ ਖਿਲਾਫ ਕਾਰਵਾਈ ਕੀਤੀ ਗਈ ਸੀ।

ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਉਤਪਤੀ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਹਥਿਆਰ ਵਜੋਂ ਵਰਤਿਆ ਜਾ ਸਕਦਾ ਹੈ ਜਿਸ ਨੇ ਵਿਕਸਤ ਦੇਸ਼ਾਂ ਸਣੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਦੇਖਣਗੇ ਕਿ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਲ ਕੀਤੇ ਨਸ਼ਾ ਰੋਕੂ ਅਭਿਆਨ ਵਿੱਚ ਸੋਧ ਕਰਨ ਅਤੇ ਹੋਰ ਚੈਪਟਰ ਸ਼ਾਮਲ ਕਰਨ ਦੀ ਲੋੜ ਹੈ।