ਕਿਚਨਰ: ਕੈਨੇਡਾ ਦੇ ਕਿਚਨਰ ਸ਼ਹਿਰ ਦੀ 17 ਸਾਲਾ ਵਿਦਿਆਰਥਣ ਗੁਰਨੂਰ ਕੌਰ ਨੇ 35 ਸਾਲਾਂ ਤੋਂ ਚੱਲੀ ਆ ਰਹੀ ਇੱਕ ਮੈਡੀਕਲ ਸਮੱਸਿਆ ਦਾ ਹੱਲ ਲੱਭ ਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਉਸ ਦੀ ਇਸ ਖੋਜ ਲਈ ਉਸ ਨੂੰ ਕੈਨੇਡਾ-ਵਿਆਪੀ ਸਾਇੰਸ ਫੇਅਰ ਵਿੱਚ ਇਨੋਵੇਸ਼ਨ ਲਈ ਸਰਵੋਤਮ ਪ੍ਰੋਜੈਕਟ ਦਾ ਐਵਾਰਡ ਦਿੱਤਾ ਗਿਆ ਹੈ।
ਗ੍ਰੇਡ 11 ਦੀ ਵਿਦਿਆਰਥਣ ਗੁਰਨੂਰ ਕੌਰ ਨੇ ਆਪਣੇ ਪ੍ਰੋਜੈਕਟ ਵਿੱਚ ਖੂਨ ਵਿੱਚ ਆਕਸੀਜਨ ਦੀ ਮਾਤਰਾ ਮਾਪਣ ਵਾਲੇ ਸੈਂਸਰਾਂ ਨਾਲ ਜੁੜੀ ਇੱਕ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ‘ਤੇ ਕੰਮ ਕੀਤਾ। ਜੱਜਾਂ ਮੁਤਾਬਕ ਉਸ ਦੀ ਖੋਜ ਨੇ ਉਸ ਖਾਮੀ ਨੂੰ ਦੂਰ ਕਰਨ ਦਾ ਰਾਹ ਦਿਖਾਇਆ ਹੈ, ਜਿਸ ਕਾਰਨ ਹਲਕੇ ਰੰਗ ਦੀ ਚਮੜੀ ਨਾਲੋਂ ਸਾਵਲੇ ਜਾ ਡਾਰਕ ਰੰਗ ਦੀ ਚਮੜੀ ਵਾਲੇ ਮਰੀਜ਼ਾਂ ਲਈ ਇਹ ਸਟੀਕ ਨਤੀਜੇ ਨਹੀਂ ਦਿੰਦੇ ਸਨ।
ਖੋਜ ਦੌਰਾਨ ਸਾਹਮਣੇ ਆਈ ਅਹਿਮ ਗੱਲ
ਗੁਰਨੂਰ ਨੇ ਦੱਸਿਆ ਕਿ ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਸੀ ਕਿ ਇਹ ਸਮੱਸਿਆ ਸਿਰਫ਼ ਡਾਟਾ ਦੀ ਘਾਟ ਕਾਰਨ ਪੈਦਾ ਹੁੰਦੀ ਹੈ। ਪਰ ਖੋਜ ਦੌਰਾਨ ਉਸ ਨੇ ਪਾਇਆ ਕਿ ਮੌਜੂਦਾ ਕਾਰਡਿਅਕ ਮਾਡਲਾਂ ਵਿੱਚ ਇੱਕ ਗਣਿਤੀ ਖਾਮੀ ਵੀ ਮੌਜੂਦ ਹੈ, ਜੋ ਇਸ ਗਲਤੀ ਦਾ ਇੱਕ ਵੱਡਾ ਕਾਰਨ ਬਣਦੀ ਹੈ।
ਉਸ ਨੇ ਇਸ ਮਾਡਲ ਵਿੱਚ ਲੋੜੀਂਦੇ ਸੁਧਾਰ ਕਰਕੇ ਇੱਕ ਅਜਿਹਾ ਹੱਲ ਪੇਸ਼ ਕੀਤਾ, ਜਿਸ ਨਾਲ ਵੱਖ-ਵੱਖ ਵਰਗਾਂ ਦੇ ਮਰੀਜ਼ਾਂ ਲਈ ਆਕਸੀਜਨ ਮਾਪਣ ਦੀ ਪ੍ਰਕਿਰਿਆ ਹੋਰ ਸਹੀ ਬਣ ਸਕਦੀ ਹੈ।
ਹਸਪਤਾਲ ਦਾਖਲ ਮਰੀਜ਼ਾਂ ਲਈ ਵੀ ਬਣਾਈ ਖਾਸ ਡਿਵਾਈਸ
ਇਸ ਤੋਂ ਪਹਿਲਾਂ ਗੁਰਨੂਰ ਨੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਹੋਣ ਵਾਲੇ ਡਿਲੀਰੀਅਮ ਦੀ ਪਛਾਣ ਲਈ ਵੀ ਇੱਕ ਵਿਸ਼ੇਸ਼ ਡਿਵਾਈਸ ਤਿਆਰ ਕੀਤੀ ਸੀ। ਇਹ ਡਿਵਾਈਸ ਮਰੀਜ਼ਾਂ ਦੇ ਹਾਵ-ਭਾਵ, ਭਾਵਨਾਵਾਂ, ਦਿਲ ਦੀ ਧੜਕਣ ਅਤੇ ਸਾਹ ਲੈਣ ਦੀ ਗਤੀ ਦੀ ਨਿਗਰਾਨੀ ਕਰ ਸਕਦੀ ਹੈ।
ਇਸ ਵਿੱਚ ਇੱਕ ਚੈਟਬਾਟ ਵੀ ਸ਼ਾਮਲ ਕੀਤਾ ਗਿਆ ਹੈ, ਜੋ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਮਾਨਸਿਕ ਸਥਿਤੀ ਨੂੰ ਸਮਝਣ ਅਤੇ ਸੰਭਾਲਣ ਵਿੱਚ ਮਦਦ ਕਰਦਾ ਹੈ।
ਮੈਡੀਕਲ ਖੋਜ ਵਿੱਚ ਬਣਾਉਣਾ ਚਾਹੁੰਦੀ ਹੈ ਭਵਿੱਖ
ਗੁਰਨੂਰ ਕੌਰ ਦਾ ਕਹਿਣਾ ਹੈ ਕਿ ਉਸ ਦੀ ਦਿਲਚਸਪੀ ਕੰਪਿਊਟੇਸ਼ਨਲ ਬਾਇਓਫਿਜ਼ਿਕਸ ਵਿੱਚ ਹੈ। ਉਹ ਗਣਿਤ ਅਤੇ ਭੌਤਿਕ ਵਿਗਿਆਨ ਦੀ ਮਦਦ ਨਾਲ ਮਨੁੱਖੀ ਸਰੀਰ ਦੀਆਂ ਪ੍ਰਣਾਲੀਆਂ ਨੂੰ ਹੋਰ ਚੰਗੀ ਤਰ੍ਹਾਂ ਸਮਝਣਾ ਚਾਹੁੰਦੀ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਤਕਨੀਕਾਂ ਵਿਕਸਿਤ ਕੀਤੀਆਂ ਜਾ ਸਕਣ ਜੋ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਅਤੇ ਨਿਰਪੱਖ ਬਣਾ ਸਕਣ।














