ਪਾਕਿਸਤਾਨ ਵਿਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਹ ਸੜਕ ਹਾਦਸਾ ਪਾਕਿਸਤਾਨ ਦੇ ਸਿੰਧ ਅਤੇ ਬਲੋਚਿਸਤਾਨ ਸੂਬਿਆਂ ਦੇ ਇੱਕ ਸਰਹੱਦੀ ਸ਼ਹਿਰ ਨੇੜੇ ਵਾਪਰਿਆ। ਅਚਾਨਕ ਸ਼ਰਧਾਲੂਆਂ ਨਾਲ ਭਰੀ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਬੱਸ ਦੇ ਖੱਡ ‘ਚ ਡਿੱਗਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਪੁਲਿਸ ਨੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਥਾਨਕ ਲੋਕਾਂ ਦੀ ਮਦਦ ਲਈ। ਹਾਦਸੇ ਦੀ ਜਾਣਕਾਰੀ ਵੀਰਵਾਰ ਨੂੰ ਪੁਲਿਸ ਨੇ ਦਿੱਤੀ।
ਰਿਪੋਰਟਾਂ ਮੁਤਾਬਕ ਸ਼ਰਧਾਲੂ ਬਲੋਚਿਸਤਾਨ ਦੇ ਖੁਜ਼ਦਾਰ ਜ਼ਿਲੇ ‘ਚ ਦੂਰ-ਦੁਰਾਡੇ ਸਥਿਤ ਮੁਸਲਿਮ ਸੂਫੀ ਦਰਗਾਹ ਸ਼ਾਹ ਨੂਰਾਨੀ ‘ਤੇ ਜਾ ਰਹੇ ਸਨ। ਅਚਾਨਕ ਬੱਸ ਹਬ ਸ਼ਹਿਰ ‘ਚ ਡੂੰਘੀ ਖੱਡ ਵਿਚ ਡਿੱਗ ਗਈ। ਜਿਸ ਥਾਂ ‘ਤੇ ਹਾਦਸਾ ਹੋਇਆ, ਉਹ ਕਰਾਚੀ ਤੋਂ ਕਰੀਬ 100 ਕਿਲੋਮੀਟਰ ਦੂਰ ਹੈ। ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਕ ਮੋੜ ‘ਤੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਖੱਡ ‘ਚ ਡਿੱਗ ਗਈ। ਸਾਰੇ ਯਾਤਰੀ ਸਿੰਧ ਸੂਬੇ ਦੇ ਠੱਟਾ ਸ਼ਹਿਰ ਦੇ ਵਾਸੀ ਸਨ।