ਕ੍ਰਿਕਟ ਆਸਟ੍ਰੇਲੀਆ ਦੇ ਯੁਵਾ ਚੋਣ ਪੈਨਲ ਨੇ ਆਗਾਮੀ 2024 ਪੁਰਸ਼ ਅੰਡਰ 19 ਕ੍ਰਿਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿਚ ਭਾਰਤ ਦੇ 2 ਪੰਜਾਬੀ ਯੁਵਾ ਖਿਡਾਰੀਆਂ ਹਰਕੀਰਤ ਬਾਜਵਾ ਤੇ ਹਰਜਸ ਸਿੰਘ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਹ ਚੋਣ ਪਿਛਲੇ ਹਫਤੇ ਐਲਬਰੀ ਵਿਚ ਆਯੋਜਿਤ 2023 ਅੰਡਰ 19 ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਦੌਰਾਨ ਕੀਤੀ ਗਈ।
U-19 ਵਿਸ਼ਵ ਕੱਪ ਪਹਿਲਾਂ ਸ਼੍ਰੀਲੰਕਾ ਵਿਚ ਹੋਣ ਜਾ ਰਿਹਾ ਸੀ। ਪਰ ਪਿਛਲੇ ਕੁਝ ਸਮਾਂ ਪਹਿਲਾਂ ਹੀ ਇਸਦਾ ਵੈਨਿਊ ਸਾਊਥ ਅਫਰੀਕਾ ਵਿਚ ਸ਼ਿਫਟ ਕਰ ਦਿੱਤਾ ਗਿਆ। ਹੁਣ ਇਹ 19 ਜਨਵਰੀ ਤੋਂ ਦੱਖਣ ਅਫਰੀਕਾ ਵਿਚ 5 ਥਾਵਾਂ ‘ਤੇ ਆਯੋਜਿਤ ਕੀਤਾ ਜਾਵੇਗਾ। ਫਾਈਨਲ 11 ਫਰਵਰੀ ਨੂੰ ਬੇਨੋਨੀ ਵਿਚ ਹੋਵੇਗਾ।
ਭਾਰਤੀ ਮੂਲ ਦੇ ਖਿਡਾਰੀਆਂ ਦਾ ਆਸਟ੍ਰੇਲੀਆ ਟੀਮ ਵਿਚ ਜਾਣਾ ਕੋਈ ਸਾਧਾਰਨ ਗੱਲ ਨਹੀਂ ਹੈ। ਜੇਸਨ ਸਾਂਘਾ ਨੇ ਅੰਡਰ-19 ਵਿਸ਼ਵ ਕੱਪ ਦੇ 2018 ਐਡੀਸ਼ਨ ਦੌਰਾਨ ਆਸਟ੍ਰੇਲੀਆ ਦੀ ਅਗਵਾਈ ਕੀਤੀ ਸੀ। ਦੂਜੇ ਪਾਸੇ ਅਰਜੁਨ ਨਾਇਰ ਤੇ ਤਨਵੀਰ ਸੰਘਾ ਵੀ ਆਸਟ੍ਰੇਲੀਆ ਦੀ ਅਗਵਾਈ ਕਰ ਚੁੱਕੇ ਹਨ ਦੂਜੇ ਪਾਸੇ ਪੰਜਾਬ ਤੋਂ ਦੋ ਖਿਡਾਰੀਆਂ ਨੇ ਆਸਟ੍ਰੇਲੀਆ ਟੀਮ ਵਿਚ ਜਗ੍ਹਾ ਬਣਾਈ ਹੈ।
ਹਰਕੀਰਤ ਸਿੰਘ ਬਾਜਵਾ 2012 ਵਿਚ ਪਰਿਵਾਰ ਨਾਲ ਪੰਜਾਬ ਤੋਂ ਮੈਲਬੋਰਨ ਸ਼ਿਫਟ ਹੋ ਗਏ ਸਨ। 7 ਸਾਲ ਦੀ ਛੋਟੀ ਉਮਰਵਿਚ ਉਨ੍ਹਾਂ ਨੇ ਆਪਣੇ ਚਾਚਾ ਨਾਲ ਘਰ ਦੇ ਪਿੱਛੇ ਖੁੱਲ੍ਹੇ ਮੈਦਾਨ ਵਿਚ ਬੱਲਾ ਤੇ ਗੇਂਦ ਥਾਮਣਾ ਸ਼ੁਰੂ ਕੀਤਾ ਸੀ।ਅੰਡਰ-12 ਜ਼ਿਲ੍ਹਾ ਟੀਮ ਤੋਂ ਬਾਹਰ ਹੋਣ ਤੋਂ ਲੈ ਕੇ ਅੰਡਰ-19 ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਤੱਕ ਬਾਜਵਾ ਦੀ ਕ੍ਰਿਕਟ ਯਾਤਰਾ ਚੁਣੌਤੀਪੂਰਨ ਤੇ ਪ੍ਰੇਰਣਾਦਾਇਕ ਰਹੀ ਹੈ। ਆਸਟ੍ਰੇਲੀਆ ਵਿਚ ਹਰਕੀਰਤ ਨੂੰ ਲੁਕਿਆ ਹੋਇਆ ਸਪਿਨਰ ਮੰਨਿਆ ਜਾਂਦਾ ਹੈ।