ਗੁਜਰਾਤ ਦੇ ਵਡੋਦਰਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਹਰਨੀ ਝੀਲ ‘ਚ ਕਿਸ਼ਤੀ ਪਲਟਣ ਨਾਲ 15 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿੱਚ 13 ਵਿਦਿਆਰਥੀ ਅਤੇ ਦੋ ਅਧਿਆਪਕ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ‘ਚ ਇਕ ਨਿੱਜੀ ਸਕੂਲ ਦੇ 27 ਵਿਦਿਆਰਥੀ ਸਵਾਰ ਸਨ। ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ। ਕਿਸ਼ਤੀ ਵਿੱਚ 14 ਲੋਕਾਂ ਦੀ ਸਮਰੱਥਾ ਸੀ ਪਰ ਇਸ ਵਿੱਚ 31 ਲੋਕ ਸਵਾਰ ਸਨ।

ਸਾਰਿਆਂ ਨੂੰ ਐਸਐਸਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਜੇ ਵੀ 10 ਲਾਪਤਾ ਹਨ, ਵਡੋਦਰਾ ਪੁਲਿਸ ਅਤੇ ਐਨਡੀਆਰਐਫ ਦੀ ਟੀਮ ਉਨ੍ਹਾਂ ਦੀ ਭਾਲ ਵਿੱਚ ਜੁਟੀ ਹੋਈ ਹੈ। ਹਾਦਸੇ ਨੂੰ ਲੈ ਕੇ ਕਈ ਸਵਾਲ ਉਠਾਏ ਜਾ ਰਹੇ ਹਨ ਕਿ 31 ਲੋਕਾਂ ਨੂੰ ਇੱਕੋ ਕਿਸ਼ਤੀ ‘ਤੇ ਕਿਵੇਂ ਚੜ੍ਹਨ ਦਿੱਤਾ ਗਿਆ? ਕਿਸੇ ਨੇ ਲਾਈਫ ਜੈਕੇਟ ਕਿਉਂ ਨਹੀਂ ਪਹਿਨੀ ਹੋਈ ਸੀ?

ਦਰਅਸਲ, ਇੱਕ ਨਿੱਜੀ ਸਕੂਲ ਦੀਆਂ ਦੋ ਮਹਿਲਾ ਟੀਚਰਾਂ ਸਣੇ 23 ਵਿਦਿਆਰਥੀ ਅਤੇ ਚਾਰ ਅਧਿਆਪਕ ਵੀਰਵਾਰ ਸ਼ਾਮ ਹਰਨੀ ਝੀਲ ਦੇਖਣ ਗਏ ਸਨ। ਇੱਥੇ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਕਿਸ਼ਤੀ ਦੀ ਸਵਾਰੀ ਕਰਵਾਉਣ ਲਈ ਜ਼ੋਰ ਪਾਇਆ। ਅਧਿਆਪਕਾਂ ਨੇ ਵਿਦਿਆਰਥੀਆਂ ਦੀ ਜ਼ਿੱਦ ਮੰਨ ਲਈ। ਅਧਿਆਪਕਾਂ ਨੇ ਇੱਕ ਕਿਸ਼ਤੀ ਕੀਤੀ ਪਰ ਇਸ ਕਿਸ਼ਤੀ ਦੀ ਸਮਰੱਥਾ ਸਿਰਫ਼ 16 ਵਿਅਕਤੀਆਂ ਦੀ ਸੀ। ਅਧਿਆਪਕਾਂ ਨੇ ਦੂਜੀ ਕਿਸ਼ਤੀ ਦੀ ਵਰਤੋਂ ਕਰਨ ਦੀ ਬਜਾਏ ਇਸ ਕਿਸ਼ਤੀ ‘ਤੇ ਸਵਾਰ ਹੋ ਕੇ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਕਿਸ਼ਤੀ ਵਿਚ 23 ਵਿਦਿਆਰਥੀ, ਚਾਰ ਅਧਿਆਪਕ ਅਤੇ ਚਾਰ ਕਿਸ਼ਤੀ ਕਰਮਚਾਰੀ ਸਵਾਰ ਹੋ ਗਏ।

ਸਫ਼ਰ ਦੌਰਾਨ ਕਿਸ਼ਤੀ ਝੀਲ ਵਿੱਚ ਡੁੱਬਣ ਲੱਗੀ। ਇਹ ਦੇਖ ਕੇ ਵਿਦਿਆਰਥੀ ਅਤੇ ਅਧਿਆਪਕ ਡਰ ਗਏ। ਕੁਝ ਦੇਰ ਵਿੱਚ ਹੀ ਕਿਸ਼ਤੀ ਝੀਲ ਵਿੱਚ ਪਲਟ ਗਈ। ਝੀਲ ਵਿੱਚ ਡਿੱਗਦੇ ਹੀ ਚੀਕ-ਚਿਹਾੜਾ ਪੈ ਗਿਆ। ਝੀਲ ਨੇੜੇ ਘੁੰਮ ਰਹੇ ਲੋਕਾਂ ਨੇ ਜਦੋਂ ਕਿਸ਼ਤੀ ਪਲਟਦੀ ਦੇਖੀ ਤਾਂ ਉਨ੍ਹਾਂ ਤੁਰੰਤ ਹਰਨੀ ਝੀਲ ਦੇ ਪ੍ਰਬੰਧਕਾਂ ਨੂੰ ਸੂਚਨਾ ਦਿੱਤੀ। ਮੈਨੇਜਮੈਂਟ ਟੀਮ ਨੇ ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਅਤੇ ਗੋਤਾਖੋਰਾਂ ਨੂੰ ਬੁਲਾਇਆ। ਖੁਸ਼ਕਿਸਮਤੀ ਇਹ ਰਹੀ ਕਿ ਫਾਇਰ ਬ੍ਰਿਗੇਡ ਦੀ ਟੀਮ ਅਤੇ ਗੋਤਾਖੋਰਾਂ ਨੇ ਮੌਕੇ ‘ਤੇ ਪਹੁੰਚ ਕੇ ਝੀਲ ‘ਚ ਛਾਲ ਮਾਰ ਕੇ ਕੁਝ ਵਿਦਿਆਰਥੀਆਂ ਨੂੰ ਬਚਾਇਆ।

ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲਾ ਪੁਲਸ-ਪ੍ਰਸ਼ਾਸ਼ਨ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਐੱਨ.ਡੀ.ਆਰ.ਐੱਫ. ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਦੇ ਨਾਲ ਐਨਡੀਆਰਐਫ ਦੀ ਟੀਮ ਨੇ ਬਚਾਅ ਕਾਰਜ ਸ਼ੁਰੂ ਕੀਤਾ। NDRF ਨੇ ਝੀਲ ‘ਚੋਂ 11 ਵਿਦਿਆਰਥੀਆਂ ਅਤੇ ਦੋ ਮਹਿਲਾ ਅਧਿਆਪਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਨਾਲ ਹੀ 10 ਲੋਕਾਂ ਨੂੰ ਵੀ ਬਚਾ ਲਿਆ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਬਚਾਏ ਗਏ ਸਾਰੇ 10 ਲੋਕ ਵਿਦਿਆਰਥੀ, ਅਧਿਆਪਕ ਜਾਂ ਕਿਸ਼ਤੀ ਕਰਮਚਾਰੀ ਸਨ।